ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

02/21/2017 6:05:17 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਵਿਜੀਲੈਂਸ ਵਿਭਾਗ ਨਵਾਂਸ਼ਹਿਰ ਵੱਲੋਂ ਮੰਗਲਵਾਰ ਨੂੰ ਮਾਲ ਹਲਕਾ ਜਾਡਲਾ, ਤਹਿਸੀਲ ਬਲਾਚੌਰ ਦੇ ਪਟਵਾਰੀ ਵਿਨੋਦ ਕੁਮਾਰ ਨੂੰ ਗੁਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਜਸਦੇਵ ਸਿੰਘ ਨਗਰ, ਗਿੱਲ-2, ਲੁਧਿਆਣਾ ਪਾਸੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਨਵਾਂਸ਼ਹਿਰ ਯੂਨਿਟ ਦੇ ਇੰਚਾਰਜ ਡੀ. ਐੱਸ. ਪੀ. ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ, ਵਿਜੀਲੈਂਸ ਬਿਊਰੋ ਜਲੰਧਰ ਰੇਂਜ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਵੱਲੋਂ ਕੀਤੀ ਗਈ ਇਸ ਕਾਰਵਾਈ ਤਹਿਤ ਪਟਵਾਰੀ ਵਿਨੋਦ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 13(88) ਤਹਿਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੀਪ ਸਿੰਘ ਦੋ ਭਰਾ ਤੇ ਭੈਣ ਹਨ। ਉਸ ਨੇ ਆਪਣੇ ਅਣਵਿਆਹੇ ਭਰਾ ਹਰਦੀਪ ਸਿੰਘ ਦੀ 22 ਮਾਰਚ 2016 ਨੂੰ ਮੌਤ ਹੋਣ ਉਪਰੰਤ ਉਸ ਦੇ ਹਿੱਸੇ ਦੀ ਜ਼ਮੀਨ ਆਪਣੇ ਅਤੇ ਆਪਣੀ ਭੈਣ ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਗਿੱਲ ਲੁਧਿਆਣਾ ਦੇ ਨਾਂ ਕਰਵਾਉਣ ਲਈ ਵਿਰਾਸਤ ਦੇ ਇੰਤਕਾਲ ਲਈ ਅਰਜ਼ੀ ਦਿੱਤੀ ਸੀ। ਸੰਬੰਧਤ ਪਟਵਾਰੀ ਵੱਲੋਂ ਇਸ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਖੀਰ 8 ਹਜ਼ਾਰ ਰੁਪਏ ''ਚ ਗੱਲ ਤੈਅ ਹੋਈ। ਮੰਗਲਵਾਰ ਨੂੰ ਜਦੋਂ ਉਸ ਵੱਲੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਤਾਂ ਵਿਜੀਲੈਂਸ ਬਿਊਰੋ ਨਵਾਂਸ਼ਹਿਰ ਵੱਲੋਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

Gurminder Singh

This news is Content Editor Gurminder Singh