ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ, ਵਿਜੀਲੈਂਸ ਖਿਲਾਫ ਧਰਨੇ ''ਤੇ ਬੈਠੀ ਯੂਨੀਅਨ

05/25/2017 2:53:14 PM

ਜਲਾਲਾਬਾਦ (ਸੇਤੀਆ) : ਮੋਹਾਲੀ ਵਿਜੀਲੈਂਸ ਟੀਮ ਨੇ ਸਥਾਨਕ ਤਹਿਸੀਲ ਕੰਪਲੈਕਸ ''ਚ ਇਕ ਪਟਵਾਰੀ ਨੂੰ ਰਿਸ਼ਵਤ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਜਦੋਂ ਕਾਬੂ ਕੀਤੇ ਗਏ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿਚ ਪਟਵਾਰੀ ਯੂਨੀਅਨ ਨੇ ਵਿਜੀਲੈਂਸ ਦੀ ਗੱਡੀ ਨੂੰ ਘੇਰ ਲਿਆ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੱਕੇਕਾਲੇ ਵਾਲਾ ਵਾਸੀ ਗੁਰਧੀਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਪਟਵਾਰੀ ਬਸਤੀ ਰਾਮ ਉਨ੍ਹਾਂ ਪਾਸੋਂ ਜ਼ਮੀਨ ਤਕਸੀਮ ਕਰਵਾਉਣ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਅਤੇ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦਾ ਕੰਮ ਲਟਕਾ ਰਿਹਾ ਹੈ। ਸਤਵੰਤ ਸਿੰਘ ਨੇ ਦੱਸਿਆ ਕਿ ਗੁਰਧੀਰ ਸਿੰਘ ਵਲੋਂ 7500 ਰੁਪਏ ਪਹਿਲਾਂ ਦੇ ਦਿੱਤੇ ਗਏ ਸਨ ਅਤੇ ਅੱਜ ਫਿਰ ਬਾਕੀ ਦੀ ਰਕਮ ਪਟਵਾਰੀ ਨੂੰ ਦੇਣੀ ਸੀ। ਜਦ ਉਕਤ ਪਟਵਾਰੀ ਨੂੰ ਰਕਮ ਦਿੱਤੀ ਗਈ ਤਾਂ ਛਾਪੇਮਾਰੀ ਦੌਰਾਨ ਪਟਵਾਰੀ ਬਸਤੀ ਰਾਮ ਨੂੰ ਕਾਬੂ ਕਰ ਲਿਆ ਗਿਆ। ਜਿਸ ਕੋਲੋਂ 3 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਾਸ਼ੀ ਬਰਾਮਦ ਹੋਈ ਹੈ ਜਦਕਿ ਬਾਕੀ ਰਾਸ਼ੀ ਗਾਇਬ ਕਰ ਦਿੱਤੀ ਗਈ।
ਉਧਰ ਤਹਿਸੀਲ ਕੰਪਲੈਕਸ ਵਿਚ ਧਰਨਾ ਪ੍ਰਦਰਸ਼ਨ ਦੇ ਚਲਦਿਆਂ ਥਾਣਾ ਸਿਟੀ ਪੁਲਸ ਮੌਕੇ ''ਤੇ ਪਹੁੰਚ ਗਈ ਅਤੇ ਇਸ ਤੋਂ ਬਾਅਦ ਵਿਜੀਲੈਂਸ ਦੀ ਗੱਡੀ ਬਾਹਰ ਨਿਕਲ ਸਕੀ। ਭ੍ਰਿਸ਼ਟਾਚਾਰ ਸਾਡੇ ਸਮਾਜ ਵਿਚ ਇਕ ਬਹੁਤ ਵੱਡੀ ਸਮੱਸਿਆ ਹੈ ਪਰ ਸਵਾਲ ਉਦੋਂ ਖੜ੍ਹਾ ਹੁੰਦਾ ਹੈ ਜਦੋਂ ਯੂਨੀਅਨਾਂ ਦੇ ਨਾਮ ''ਤੇ ਲੋਕ ਉਨ੍ਹਾਂ ਦਾ ਸਾਥ ਦਿੰਦੇ ਹਨ ਜੋ ਸ਼ਰੇਆਮ ਰਿਸ਼ਵਤ ਲੈਂਦੇ ਹਨ।

Gurminder Singh

This news is Content Editor Gurminder Singh