ਵਿਜੀਲੈਂਸ ਚੈਕਿੰਗ ਬੰਦ ਹੋਣ ਨਾਲ ਕਈ ਸਰਕਾਰੀ ਡਾਕਟਰਾਂ ਤੇ ਕੈਮਿਸਟਾਂ ਦੀ ਲੱਗੀ ਮੌਜ

08/18/2017 7:00:16 AM

ਕਪੂਰਥਲਾ, (ਭੂਸ਼ਣ)- ਸੂਬੇ ਵਿਚ ਲਗਾਤਾਰ ਫੈਲ ਰਹੇ ਸਵਾਈਨ ਫਲੂ, ਡੇਂਗੂ ਤੇ ਵਾਇਰਲ ਫਲੂ ਦੇ ਕਾਰਨ ਲੋਕਾਂ ਵਿਚ ਫੈਲ ਰਹੀ ਭਾਰੀ ਦਹਿਸ਼ਤ ਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਮੁਸੀਬਤਾਂ ਦੂਰ ਕਰਨ ਅਤੇ ਪ੍ਰਾਈਵੇਟ ਪਰਚੀ 'ਤੇ ਲਗਾਮ ਲਗਾਉਣ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੂੰ ਕੋਈ ਹੁਕਮ ਜਾਰੀ ਨਾ ਕਰਨ ਨਾਲ ਜਿਥੇ ਇਕ ਵਾਰ ਫਿਰ ਖਤਰਨਾਕ ਬੀਮਾਰੀਆਂ ਦੇ ਸੀਜ਼ਨ ਵਿਚ ਸੂਬੇ ਭਰ ਵਿਚ ਇਕ ਵਾਰ ਫਿਰ ਤੋਂ ਕਈ ਸਰਕਾਰੀ ਡਾਕਟਰਾਂ ਅਤੇ ਕੁਝ ਕੈਮਿਸਟਾਂ ਵਿਚ ਪ੍ਰਾਈਵੇਟ ਪਰਚੀ ਦਾ ਦੌਰ ਨਵੀਂ ਉੱਚਾਈਆਂ ਨੂੰ ਛੂਹ ਰਿਹਾ ਹੈ, ਉਥੇ ਹੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ 250 ਤਰ੍ਹਾਂ ਦੀ ਮੁਫਤ ਦਵਾਈਆਂ ਭੇਜਣ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਵੀ ਗਰੀਬ ਜਨਤਾ ਮਹਿੰਗੀਆਂ ਦਵਾਈਆਂ ਖਰੀਦਣ ਨੂੰ ਮਜਬੂਰ ਹੈ। ਜਿਸ ਦੇ ਕਾਰਨ ਬੀਮਾਰੀਆਂ ਦੇ ਇਸ ਮੌਸਮ ਵਿਚ ਕਈ ਡਾਕਟਰਾਂ ਅਤੇ ਕੈਮਿਸਟਾਂ ਦੀ ਚਾਂਦੀ ਹੋ ਗਈ ਹੈ।   
ਸਾਲ 2016 'ਚ ਡੇਂਗੂ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਵਿਜੀਲੈਂਸ ਨੂੰ ਦਿੱਤੇ ਸਨ ਚੈਕਿੰਗ ਦੇ ਅਧਿਕਾਰ
ਸਾਲ 2016 'ਚ ਅਗਸਤ, ਸਤੰਬਰ ਤੇ ਅਕਤੂਬਰ ਦੇ ਵਿਚਕਾਰ ਤਕ ਸੂਬੇ ਵਿਚ ਡੇਂਗੂ ਦੇ ਸਾਹਮਣੇ ਆਏ ਹਜ਼ਾਰਾਂ ਮਾਮਲਿਆਂ ਦੇ ਦੌਰਾਨ ਕਰੀਬ 70 ਲੋਕਾਂ ਦੀ ਮੌਤ ਹੋਣ 'ਤੇ ਸਰਕਾਰ ਵੱਲੋਂ ਭੇਜੀਆਂ ਜਾਣ ਵਾਲੀਆਂ ਮੁਫਤ ਦਵਾਈਆਂ ਨਾ ਪਹੁੰਚਣ ਨੂੰ ਲੈ ਕੇ ਤਤਕਾਲੀਨ ਸਰਕਾਰ ਦੀ ਹੋਈ ਬਦਨਾਮੀ ਨੂੰ ਵੇਖਦੇ ਹੋਏ ਸੂਬੇ ਭਰ ਵਿਚ ਵਿਜੀਲੈਂਸ ਬਿਊਰੋ ਨੂੰ ਸਰਕਾਰੀ ਹਸਪਤਾਲ ਵਿਚ ਮੁਫਤ ਦਵਾਈਆਂ ਦਾ ਸਟਾਕ ਚੈੱਕ ਕਰਨ ਦੇ ਅਧਿਕਾਰ ਦਿੱਤੇ ਗਏ ਸਨ। ਜਿਸਦੇ ਕਾਰਨ ਕਾਫ਼ੀ ਹੱਦ ਤੱਕ ਪ੍ਰਾਈਵੇਟ ਪਰਚੀ 'ਤੇ ਰੋਕ ਲੱਗ ਗਈ ਸੀ ਅਤੇ ਵਿਜੀਲੈਂਸ ਦੀ ਲਗਾਤਾਰ ਚੈਕਿੰਗ ਲੋਕਾਂ ਨੂੰ ਮੁਫਤ ਦਵਾਈਆਂ ਮਿਲਣ ਲੱਗੀਆਂ ਸਨ । 
ਨਵੀਂ ਸਰਕਾਰ ਨੇ ਮੁਫਤ ਦਵਾਈਆਂ ਦੀ ਚੈਕਿੰਗ ਨੂੰ ਲੈ ਕੇ ਨਹੀਂ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਮਾਰਚ ਮਹੀਨੇ ਵਿਚ ਸੂਬੇ ਦੀ ਸੱਤਾ ਸੰਭਾਲਣ ਵਾਲੀ ਕੈਪਟਨ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਚੁਸਤ-ਦੁਰਸਤ ਕਰਨ ਦੇ ਮਕਸਦ ਨਾਲ ਹਾਲੇ ਤਕ ਅਜਿਹਾ ਕੋਈ ਦਿਸ਼ਾ-ਨਿਰਦੇਸ਼ ਲਾਗੂ ਨਹੀਂ ਕੀਤਾ ਹੈ, ਜਿਸ ਦੇ ਰਾਹੀਂ ਸੂਬੇ ਦੇ ਸਿਹਤ ਵਿਭਾਗ ਵਿਚ ਕੋਈ ਵਧੀਆ ਸੁਨੇਹਾ ਗਿਆ ਹੋਵੇ। ਡੇਂਗੂ ਅਤੇ ਸਵਾਇਨ ਫਲੂ ਦੇ ਇਸ ਸੀਜ਼ਨ ਵਿਚ ਜਿਥੇ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ, ਉਥੇ ਹੀ ਸਰਕਾਰ ਵਲੋਂ ਭੇਜੀਆਂ ਗਈਆਂ ਮੁਫਤ ਦਵਾਈਆਂ ਲੋਕਾਂ ਤਕ ਨਾ ਪਹੁੰਚਣ  ਦੇ ਕਾਰਨ ਲੋਕ ਪ੍ਰਾਈਵੇਟ ਕੈਮਿਸਟਾਂ ਤੋਂ ਮਹਿੰਗੀਆਂ ਦਵਾਈਆਂ ਖਰੀਦਣ ਨੂੰ ਮਜਬੂਰ ਹਨ, ਜਿਸ ਵਿਚ ਕਿਤੇ ਨਾ ਕਿਤੇ ਕਈ ਅਜਿਹੇ ਸਰਕਾਰੀ ਡਾਕਟਰਾਂ ਦੀ ਮੌਜ ਬਣ ਗਈ ਹੈ, ਜੋ ਲੰਬੇ ਸਮੇਂ ਤੋਂ ਪ੍ਰਾਈਵੇਟ ਪਰਚੀ ਲਿਖਣ ਦੀ ਆਦਤ ਤੋਂ ਮਜਬੂਰ ਰਹੇ ਹਨ ਪਰ ਖਤਰਨਾਕ ਬੀਮਾਰੀਆਂ ਦੇ ਇਸ ਸੀਜ਼ਨ ਵਿਚ ਸਰਕਾਰ ਵਲੋਂ ਮੁਫਤ ਸਰਕਾਰੀ ਦਵਾਈਆਂ ਦੇ ਸਟਾਫ ਦੀ ਚੈਕਿੰਗ ਕਰਨ ਸਬੰਧੀ ਹਾਲੇ ਤੱਕ ਵਿਜੀਲੈਂਸ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਨਾ ਜਾਰੀ ਕਰਨਾ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ।