ਵਿਜੀਲੈਂਸ ਬਿਊਰੋ ਵਲੋਂ ਐਸ. ਡੀ. ਐਮ. ਦਾ ਰੀਡਰ 25 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

07/27/2016 6:29:03 PM

ਫ਼ਤਹਿਗੜ੍ਹ ਸਾਹਿਬ,ਅਮਲੋਹ (ਟਿਵਾਣਾ/ਜੋਗਿੰਦਰਪਾਲ/ ਗਰਗ)— ਇਕ ਜ਼ਮੀਨੀ ਮਾਮਲੇ ਨੂੰ ਜਲਦੀ ਨਿਪਟਾਉਣ ਦੇ ਬਦਲੇ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲੇ ਐਸ. ਡੀ. ਐਮ. ਅਮਲੋਹ ਦੇ ਰੀਡਰ ਨੂੰ ਵਿਜੀਲੈਂਸ ਵਿਭਾਗ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਵਲੋਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਾਸੀ ਪਿੰਡ ਭਰਪੂਰਗੜ੍ਹ ਨੇ ਦੱਸਿਆ ਕਿ ਉਸਦੇ ਪਰਿਵਾਰ ਕੋਲ 39 ਕਿਲਿਆਂ ਦੇ ਕਰੀਬ ਖੇਤੀਬਾੜੀ ਯੋਗ ਜ਼ਮੀਨ ਸੀ, ਜਿਸ ਵਿਚੋਂ 36 ਕਿਲਿਆਂ ਦਾ ਆਪਣੇ 6 ਭੈਣ ਭਰਾਵਾਂ ਵਿਚੋਂ 2 ਨਾਲ ਤਕਸੀਮ ਦਾ ਕੇਸ ਤਹਿਸੀਲਦਾਰ ਅਮਲੋਹ ਵਿਖੇ ਚੱਲਦਾ ਸੀ, ਜਿਨ੍ਹਾਂ ਨੇ ਇਕਤਰਫਾ ਫੈਸਲਾ ਸੁਣਾ ਦਿੱਤਾ। ਇਸ ਤੋਂ ਬਾਅਦ ਉਸਨੇ ਐਸ. ਡੀ. ਐਮ. ਅਮਲੋਹ ਨੂੰ ਇਕ ਅਪੀਲ ਕਰ ਦਿੱਤੀ।
ਇਸ ਦੌਰਾਨ ਐਸ. ਡੀ. ਐਮ. ਅਮਲੋਹ ਦੇ ਰੀਡਰ ਲਕਸ਼ਮੀ ਕਾਂਤ ਨੇ ਉਸਦੇ ਹੱਕ ਵਿਚ ਫੈਸਲਾ ਜਲਦੀ ਕਰਵਾਉਣ ਬਦਲੇ 25000 ਰੁਪਏ ਦੀ ਮੰਗ ਕੀਤੀ। ਸੁਰਿੰਦਰ ਸਿੰਘ ਵਲੋਂ ਕਾਫੀ ਸਮੇਂ ਤੋਂ ਸੰਬੰਧਤ ਅਧਿਕਾਰੀਆਂ ਵਲੋਂ ਨਾਜਾਇਜ਼ ਤੌਰ ''ਤੇ ਤੰਗ ਪ੍ਰੇਸ਼ਾਨ ਹੋਣ ਕਾਰਨ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਫ਼ਤਹਿਗੜ੍ਹ ਸਾਹਿਬ ਨੂੰ ਦਿੱਤੀ ਗਈ ਅਤੇ ਵਿਜੀਲੈਂਸ ਬਿਊਰੋ ਦੇ ਡੀ. ਐਸ. ਪੀ. ਕੇਡੀ ਸ਼ਰਮਾ ਵਲੋਂ ਰੀਡਰ ਲਕਸ਼ਮੀ ਕਾਂਤ ਨੂੰ ਅਮਲੋਹ ਵਿਖੇ ਉਸਦੇ ਦਫਤਰ ''ਚੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਦੇ ਇੰਚਾਰਜ ਸੰਜੀਵ ਭੱਟ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

Gurminder Singh

This news is Content Editor Gurminder Singh