ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਦੀ ਰਿਸ਼ਵਤ ਲੈਂਦੇ ਜੇ. ਈ. ਨੂੰ ਰੰਗੇ ਹੱਥੀਂ ਕੀਤਾ ਕਾਬੂ

02/14/2018 5:24:30 PM

ਜਲੰਧਰ(ਬੁਲੰਦ)— ਭ੍ਰਿਸ਼ਟਾਚਾਰ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਬਿਜਲੀ ਵਿਭਾਗ ਦੇ ਜੇ. ਈ. ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਸੀਨੀਅਰ ਕਪਤਾਨ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਪੁੱਤਰ ਗੁਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਿਜਲੀ ਦੇ ਖੰਭੇ ਨੂੰ ਠੀਕ ਕਰਵਾਉਣ ਦੇ ਬਦਲੇ ਜੇ. ਈ. ਨੇ ਉਸ ਦੇ ਕੋਲੋਂ ਰਿਸ਼ਵਤ ਮੰਗੀ ਸੀ। 
ਉਨ੍ਹਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਬਿਲਡਿੰਗ ਉਸਾਰੀ ਦਾ ਵੀ ਕੰਮ ਕਰਦਾ ਹੈ। ਉਸ ਦੀ ਦੁਕਾਨ ਨੰਬਰ 6 ਸ਼ੇਰ ਸਿੰਘ ਪੁੱਲ ਦੇ ਕੋਲ ਹੈ। ਉਸ ਦੀ ਦੁਕਾਨ ਦੇ ਅੱਗੇ ਸੈਂਟਰ 'ਚ ਪੀ. ਐੱਸ. ਪੀ. ਸੀ. ਐੱਲ ਦਾ ਖੰਭਾ ਲੱਗਾ ਹੈ। ਉਸ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਟੇਢਾ ਹੋਇਆ ਸੀ ਅਤੇ ਖੰਭੇ ਨੂੰ ਠੀਕ ਕਰਵਾਉਣ ਲਈ ਚਿਕ-ਚਿਕ-ਹਾਊਸ ਨੇੜੇ ਬਿਜਲੀ ਦਫਤਰ 'ਚ 10-2-18 ਨੂੰ ਸ਼ਿਕਾਇਤ ਕਰਵਾਉਣ ਗਿਆ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਇਸ ਖੇਤਰ ਦੇ ਜੇ. ਈ. ਸਤਪਾਲ ਲੱਗੇ ਹੋਏ ਹਨ। ਉਸ ਨੇ ਸਤਪਾਲ ਸਿੰਘ ਨੂੰ ਬੇਨਤੀ ਕੀਤੀ ਕਿ ਦੁਕਾਨ ਦੇ ਨੇੜੇ ਲੱਗਾ ਬਿਜਲੀ ਦਾ ਖੰਭਾ ਟੇਢਾ ਹੋਇਆ ਹੈ ਅਤੇ ਕਿਸੇ ਵੀ ਸਮੇਂ ਕੋਈ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਉਸ ਨੂੰ ਜਲਦੀ ਠੀਕ ਕੀਤਾ ਜਾਵੇ। 
ਸ਼ਿਕਾਇਤ ਨੂੰ ਸੁਣ ਕੇ ਸਤਪਾਲ ਨੇ ਕਿਹਾ ਕਿ ਬਿਜਲੀ ਦੇ ਖੰਭੇ ਇਸ ਤਰ੍ਹਾਂ ਠੀਕ ਨਹੀਂ ਹੁੰਦੇ ਇਸ ਕੰਮ ਲਈ ਉਸ ਦੀ ਮੁੱਠੀ ਗਰਮ ਕਰਨੀ ਹੋਵੇਗੀ। ਸ਼ਿਕਾਇਤ ਕਰਤਾ ਨੇ ਇਸ ਦਾ ਮਤਲਬ ਪੁੱਛਿਆ ਤਾਂ ਜੇ. ਈ. ਸਤਪਾਲ ਨੇ ਕਿਹਾ ਕਿ ਇਸ ਦੀ ਤੈਨੂੰ 35 ਹਜ਼ਾਰ ਦੀ ਰਿਸ਼ਵਤ ਦੇਣੀ ਪਵੇਗੀ। ਜਿਸ 'ਤੇ ਸ਼ਿਕਾਇਤ ਕਰਤਾ ਨੇ ਬੇਨਤੀ ਕੀਤੀ ਕਿ ਕੰਮ ਤਾਂ ਸਰਕਾਰੀ ਹੈ, ਇਹ ਤਾਂ ਤੁਸੀਂ ਇੰਝ ਹੀ ਠੀਕ ਕਰਦੋ ਹੋ, ਇਸ 'ਤੇ ਸਤਪਾਲ ਨੇ ਕਿਹਾ ਕਿ ਇਸ ਤਰ੍ਹਾਂ ਖੰਭੇ ਠੀਕ ਨਹੀਂ ਹੁੰਦੇ। ਉਸ ਨੇ ਸਤਪਾਲ ਨੂੰ ਪੈਸੇ ਘੱਟ ਕਰਨ ਦੀ ਗੱਲ ਕਹੀ ਤਾਂ 20 ਹਜ਼ਾਰ 'ਚ ਰਾਜ਼ੀ ਹੋ ਗਿਆ। ਸਤਪਾਲ ਨੇ ਆਪ ਹੀ ਦਰਖਾਸਤ ਲਿਖ ਉਸ ਨੂੰ ਦਸਤਖਤ ਕਰਨ ਲਈ ਕਿਹਾ ਅਤੇ ਉਸ ਨੇ ਅੰਗਰੇਜ਼ੀ 'ਚ ਦਸਤਖਤ ਕਰ ਦਿੱਤੇ। ਫਿਰ ਉਸ ਨੇ ਸ਼ਿਕਾਇਤ ਕਰਤਾ ਨੂੰ 13 ਤਰੀਕ ਨੂੰ 20 ਹਜ਼ਾਰ ਰੁਪਏ ਲੈ ਕੇ ਆਉਣ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਦੋ ਦਿਨ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਨਿਕਲਣੀ ਹੈ, ਜਿਸ ਕਰਕੇ ਮੈਨੂੰ ਟਾਈਮ ਨਹੀਂ ਲੱਗਣਾ। ਸ਼ਿਕਾਇਤ ਕਰਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਮਨਦੀਪ ਸਿੰਘ ਵੱਲੋਂ ਸਮੇਤ ਇੰਸ ਕੇਵਲ ਕ੍ਰਿਸ਼ਨ, ਮੁੱਖ ਸਿਪਾਹੀ ਜਗਰੂਪ ਸਿੰਘ, ਮੁੱਖ ਸਿਪਾਹੀ ਗੁਰਜੀਤ ਸਿੰਘ, ਸੀਨੀਅਰ ਸਿਪਾਹੀ ਇੰਦਰ ਸਿੰਘ ਦੀ ਟੀਮ ਗਠਿਤ ਕਰਕੇ ਗੁਰਸਾਹਿਬ ਸਿੰਘ, ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ ਅਤੇ ਸਪਪਾਲ ਜੇ. ਈ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ-ਡਿਵੀਜ਼ਨ ਬਸਤੀਆਂ ਨੂੰ ਗੁਰਸਾਹਿਬ ਤੋਂ 20 ਹਜ਼ਾਰ ਦੀ ਰਿਸ਼ਵਤ ਲੈਂਦੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰੰਗੇ ਹੱਥੀ ਕਾਬੂ ਕੀਤਾ। 
ਇਸ ਮੌਕੇ ਦਿਲਜਿੰਦਰ ਸਿੰਘ ਢਿੱਲੋਂ, ਪੀ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਭ੍ਰਿਸ਼ਟ ਅਧਿਕਾਰੀਆ/ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕਰਵਾਉਣ ਲਈ ਵਿਜੀਲੈਂਸ ਬਿਊਰੋ ਦਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਰੰਗੇ ਹੱਥੀ ਕਾਬੂ ਕਰਵਾਉਣ ਲਈ ਖਰਚੇ ਗਏ ਪੈਸੇ ਸ਼ਿਕਾਇਤ ਕਰਤਾ ਨੂੰ ਵਾਪਸ ਕਰ ਦਿੱਤੇ ਜਾਂਦੇ ਹਨ।