ਵਿਜੀਲੈਂਸ ਬਿਊਰੋ ਦੇ ਹੱਥੀਂ ਚੜ੍ਹਿਆ ਨਕਲੀ ਏ.ਐੱਸ.ਆਈ, ਝੂਠੇ ਕੇਸ 'ਚ ਫਸਾ ਦਿੱਤੀਆਂ ਧਮਕੀਆਂ

09/01/2021 1:55:33 PM

ਕਪੂਰਥਲਾ (ਭੂਸ਼ਣ)-ਨਕਲੀ ਏ. ਐੱਸ. ਆਈ. ਬਣ ਕੇ ਇਕ ਵਿਅਕਤੀ ਨੂੰ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦੇ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਇਕ ਮੁਲਜ਼ਮ ਨੂੰ ਵਿਜੀਲੈਂਸ ਬਿਊਰੋ ਕਪੂਰਥਲਾ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਬਾਅਦ ’ਚ ਮੁਲਜ਼ਮ ਦੇ ਖ਼ੁਲਾਸੇ ਤੋਂ ਬਾਅਦ ਇਕ ਔਰਤ ਸਮੇਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਖੇਤੀਬਾੜੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਗੁਰਨਾਮ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਅੰਮ੍ਰਿਤਸਰ (ਕਾਲਪਨਿਕ ਨਾਮ) ਨੇ ਵਿਜੀਲੈਂਸ ਬਿਊਰੋ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਪਹਿਲਾਂ ਪ੍ਰਾਈਵੇਟ ਤੌਰ ’ਤੇ ਡਰਾਇਵਰੀ ਕਰਦਾ ਸੀ। ਜਿਸ ਦੌਰਾਨ ਉਸ ਦੀ ਜਾਨ-ਪਛਾਣ ਬਬਲੀ ਵਾਸੀ ਵਡਾਲਾ ਕਲਾਂ ਥਾਣਾ ਸਦਰ ਕਪੂਰਥਲਾ ਦੇ ਨਾਲ ਹੋਈ। 24 ਅਗਸਤ 2021 ਨੂੰ ਬਬਲੀ ਨੇ ਉਸ ਨੂੰ ਫੋਨ ਕਰ ਕੇ ਕਿਸੇ ਕੰਮ ਲਈ ਆਪਣੇ ਕੋਲ ਬੁਲਾ ਲਿਆ। ਜਦੋਂ ਉਹ ਸ਼ਾਮ ਨੂੰ ਬਬਲੀ ਦੇ ਘਰ ਵਡਾਲਾ ਕਲਾਂ ਪਹੁੰਚਿਆ ਤਾਂ ਰਾਤ ਜ਼ਿਆਦਾ ਹੋਣ ਕਾਰਨ ਉਹ ਬਬਲੀ ਦੇ ਘਰ ਹੀ ਰੁਕ ਗਿਆ।

ਇਹ ਵੀ ਪੜ੍ਹੋ: ਕੋਟਫਤੂਹੀ ਵਿਖੇ 19 ਸਾਲਾ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹੇ ਨਾਲ ਲਟਕਦੀ ਮਿਲੀ ਲਾਸ਼

ਦੂਜੇ ਦਿਨ 25 ਅਗਸਤ ਦੀ ਤੜਕਸਾਰ 3 ਵਜੇ ਇਕ ਵਿਅਕਤੀ ਬਬਲੀ ਦੇ ਘਰ ਆਇਆ, ਜਿਸ ਨੇ ਪੁਲਸ ਦੀ ਵਰਦੀ ਪਾਈ ਹੋਈ ਸੀ। ਉਕਤ ਵਿਅਕਤੀ ਨੇ ਖ਼ੁਦ ਨੂੰ ਪੁਲਸ ਦਾ ਏ. ਐੱਸ. ਆਈ. ਦੱਸਦੇ ਹੋਏ ਆਪਣਾ ਨਾਮ ਲਖਬੀਰ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਥਾਣਾ ਸਿਟੀ ਕਪੂਰਥਲਾ ’ਚ ਤਾਇਨਾਤ ਹੈ। ਉਕਤ ਵਿਅਕਤੀ ਨੇ ਆਪਣੇ ਨਾਲ ਆਏ ਇਕ ਹੋਰ ਪੁਲਸ ਕਰਮਚਾਰੀ ਦੀ ਮਦਦ ਨਾਲ ਉਸ ਦੀ ਵੀਡਿਓ ਬਣਾਉਂਦੇ ਹੋਏ ਉਸ ਨੂੰ ਵਾਇਰਲ ਕਰਨ 'ਤੇ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਕੋਲੋਂ 4 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸ ਨੇ ਖ਼ੁਦ ਨੂੰ ਗਰੀਬ ਦੱਸਦੇ ਹੋਏ ਇੰਨੀ ਰਕਮ ਦੇਣ ’ਚ ਅਸਮਰਥਾ ਜਤਾਈ ਤਾਂ ਲਖਬੀਰ ਸਿੰਘ ਨੇ ਉਸ ਦੀ ਜੇਬ ’ਚ ਪਈ 5000 ਰੁਪਏ ਦੀ ਨਕਦੀ ਅਤੇ ਆਧਾਰ ਕਾਰਡ ਖੋਹ ਲਿਆ ਅਤੇ ਉਸ ਨੂੰ ਬਬਲੀ ਨਾਲ ਬੈਂਕ ਦੇ ਏ. ਟੀ. ਐੱਮ. ’ਚ ਭੇਜ ਦਿੱਤਾ। ਜਿੱਥੇ ਉਸ ਨੇ 30 ਹਜ਼ਾਰ ਰੁਪਏ ਦੀ ਹੋਰ ਨਕਦੀ ਕਢਵਾ ਕੇ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਪੁਲਸ ਕਰਮਚਾਰੀ ਨੂੰ ਦੇ ਦਿੱਤੀ।

ਇਹ ਵੀ ਪੜ੍ਹੋ: ਕਾਂਗਰਸ ਦਾ ਕਲੇਸ਼ ਹਲ ਕਰਵਾਉਣ ਆਏ ਰਾਵਤ ਖ਼ੁਦ ਵਿਵਾਦ 'ਚ ਫਸੇ, ਸਿੱਧੂ ਤੇ ਟੀਮ ਦੀ 5 ਪਿਆਰਿਆਂ ਨਾਲ ਕੀਤੀ ਤੁਲਨਾ

27 ਅਗਸਤ 2021 ਨੂੰ ਲਖਬੀਰ ਸਿੰਘ ਨੇ ਉਸ ਨੂੰ ਫਿਰ ਤੋਂ ਫੋਨ ਕਰਦੇ ਹੋਏ ਬਾਕੀ 70 ਹਜ਼ਾਰ ਰੁਪਏ ਦੀ ਰਕਮ ਦੇਣ ਦੀ ਗੱਲ ਕਹੀ ਅਤੇ ਰਕਮ ਨਾ ਦੇਣ ’ਤੇ ਪੁਲਸ ਕੇਸ ’ਚ ਫਸਾਉਣ ਦੀ ਗੱਲ ਕਹੀ। ਜਿਸ ’ਤੇ ਉਸ ਨੇ ਆਪਣੇ ਕਿਸੇ ਦੋਸਤ ਨੂੰ 20 ਹਜ਼ਾਰ ਰੁਪਏ ਦੀ ਨਕਦੀ ਦੇ ਕੇ ਕਪੂਰਥਲਾ ਭੇਜਿਆ, ਜਿੱਥੇ ਲਖਬੀਰ ਸਿੰਘ ਨੇ ਅਰਬਨ ਅਸਟੇਟ ਕਪੂਰਥਲਾ ਨੇ ਮੋੜ ’ਤੇ ਸਕੂਟਰੀ ’ਤੇ ਇਕ ਵਿਅਕਤੀ ਨੂੰ ਭੇਜ ਕੇ 20 ਹਜ਼ਾਰ ਰੁਪਏ ਦੀ ਨਕਦੀ ਮੰਗਵਾ ਲਈ। ਇਸ ਤੋਂ ਬਾਅਦ 30 ਅਗਸਤ ਨੂੰ ਏ. ਐੱਸ. ਆਈ. ਲਖਬੀਰ ਸਿੰਘ ਨੇ ਉਸ ਨੂੰ ਫੋਨ ਕਰਕੇ ਬਾਕੀ 50 ਹਜ਼ਾਰ ਰੁਪਏ ਦੀ ਨਕਦੀ 31 ਅਗਸਤ 2021 ਨੂੰ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਤੂੰ ਨਕਦੀ ਨਾ ਦਿੱਤੀ ਤਾਂ ਤੇਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਾਵੇਗਾ। ਜਿਸ ’ਤੇ ਉਕਤ ਵਿਅਕਤੀ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ:  ਵੱਡੀ ਖ਼ਬਰ: SFJ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਪੰਨੂ ਖ਼ਿਲਾਫ਼ ਐੱਫ.ਆਈ.ਆਰ. ਦਰਜ

ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਕਪੂਰਥਲਾ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਜਿਸ ’ਚ ਇੰਸਪੈਕਟਰ ਲਖਵਿੰਦਰ ਸਿੰਘ, ਇੰਸਪੈਕਟਰ ਪਵਨ ਕੁਮਾਰ, ਏ. ਐੱਸ. ਆਈ. ਹਰੀਸ਼ ਕੁਮਾਰ, ਏ. ਐੱਸ. ਆਈ. ਕੁਲਵੰਤ ਸਿੰਘ, ਏ. ਐੱਸ. ਆਈ. ਦਵਿੰਦਰ ਸਿੰਘ ਆਦਿ ਸ਼ਾਮਲ ਸਨ, ਨੇ ਫੂਡ ਅਤੇ ਸਪਲਾਈ ਅਧਿਕਾਰੀ ਪ੍ਰੀਤਕਮਲ ਸਿੰਘ ਸੂਦ, ਸਹਾਇਕ ਫੂਡ ਅਤੇ ਸਪਲਾਈ ਅਧਿਕਾਰੀ ਰਾਜੇਸ਼ ਪੁਰੀ ਨੂੰ ਸਰਕਾਰੀ ਗਵਾਹ ਦੇ ਤੌਰ ’ਤੇ ਨਾਲ ਲੈ ਕੇ ਜੋਤੀ ਪੁੱਤਰ ਬੱਗਾ ਵਾਸੀ ਮੁਹੱਲਾ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਜੋ ਕਿ ਨਕਲੀ ਏ. ਐੱਸ. ਆਈ. ਲਖਬੀਰ ਸਿੰਘ ਬਣਿਆ ਸੀ ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਪੁੱਤਰ ਬੂਰ ਸਿੰਘ ਵਾਸੀ ਮੁਹੱਲਾ ਹਾਥੀ ਖਾਨਾ ਕਪੂਰਥਲਾ ਜੋ ਕਿ ਨਕਲੀ ਪੁਲਸ ਕਰਮਚਾਰੀ ਬਣਿਆ ਸੀ, ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮ ਕਮਲਜੀਤ ਕੌਰ ਉਰਫ਼ ਬਬਲੀ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ ਨਾਮ ਦੀ ਔਰਤ ਦੇ ਨਾਲ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਇਤਰਾਜਯੋਗ ਵੀਡਿਓ ਬਣਾ ਕੇ ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਛਾਪੇਮਾਰੀ ਕਰਦੇ ਸਨ ਅਤੇ ਲੋਕਾਂ ਨੂੰ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦੇ ਕੇ ਮੋਟੀ ਰਕਮ ਵਸੂਲ ਕਰਦੇ ਸਨ।
ਜਾਅਲੀ ਏ. ਐੱਸ. ਆਈ. ਬਣੇ ਜੋਤੀ ਤੋਂ ਪੁੱਛਗਿੱਛ ਦੌਰਾਨ ਉਸ ਦੇ ਘਰ ਤੋਂ ਏ. ਐੱਸ. ਆਈ. ਦੀ ਵਰਦੀ ਵੀ ਬਰਾਮਦ ਕਰ ਲਈ ਗਈ ਹੈ। ਬਾਅਦ ’ਚ ਵਿਜੀਲੈਂਸ ਟੀਮ ਨੇ ਗੈਂਗ ਦੀ ਮੈਂਬਰ ਕਮਲਜੀਤ ਕੌਰ ਉਰਫ਼ ਬਬਲੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News