ਵਿਜੀਲੈਂਸ ਵੱਲੋਂ ਥਾਣੇਦਾਰ, ਆਡਿਟਰ ਤੇ ਪਟਵਾਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Wednesday, Sep 20, 2017 - 10:38 PM (IST)

ਚੰਡੀਗੜ੍ਹ— ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਸੀ.ਆਈ.ਏ ਤਰਨ ਤਾਰਨ ਵਿਖੇ ਤਾਇਨਾਤ ਸਬ ਇੰਸਪੈਕਟਰ, ਦਫਤਰ ਪ੍ਰੀਖਕ ਸਥਾਨਕ ਫੰਡ ਲੇਖਾ, ਪੰਜਾਬ ਚੰਡੀਗੜ੍ਹ ਵਿਖੇ ਤਾਇਨਾਤ ਇਕ ਆਡਿਟਰ ਅਤੇ ਮਾਲ ਹਲਕਾ ਬਹਾਵ ਵਾਲਾ ਤਹਿਸੀਲ ਅਬੋਹਰ ਜਿਲਾ ਫਾਜ਼ਿਲਕਾ ਵਿਖੇ ਤਾਇਨਾਤ ਪਟਵਾਰੀ ਨੂੰ ਰਿਸ਼ਵਤ ਦੇ ਤਿੰਨ ਵੱਖ-ਵੱਖ ਕੇਸਾਂ ਵਿਚ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੀ.ਆਈ.ਏ ਤਰਨ ਤਾਰਨ ਹੁਣ ਪੁਲਸ ਲਾਈਨ ਵਿਖੇ ਤਾਇਨਾਤ ਸਬ ਇੰਸਪੈਕਟਰ ਬਖਸ਼ੀਸ਼ ਸਿੰਘ ਨੂੰ ਦਿਲਬਾਗ ਸਿੰਘ ਵਾਸੀ ਪਿੰਡ ਮਾਛੀਕੇ ਜਿਲਾ ਤਰਨ ਤਾਰਨ ਦੀ ਸ਼ਿਕਾਇਤ 'ਤੇ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਕਤ ਸਬ ਇੰਸਪੈਕਟਰ ਵਲੋਂ ਉਸ ਵਿਰੁੱਧ ਚਲ ਰਹੇ ਮੁਕੱਦਮੇ ਵਿਚ ਉਸ ਦੇ ਹੱਕ ਵਿਚ ਗਵਾਹੀ ਦੇਣ ਬਦਲੇ 55000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੋਦਾ 30000 ਰੁਪਏ ਦੇਣਾ ਤੈਅ ਹੋਇਆ ਹੈ। ਉਸ ਵਲੋਂ 10000 ਰੁਪਏ ਪਹਿਲਾਂ ਹੀ ਉਕਤ ਦੋਸ਼ੀ ਸਬ ਇੰਸਪੈਕਟਰ ਨੂੰ ਦਿੱਤੇ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ 20000 ਰੁਪਏ ਦਿੱਤੇ ਜਾਣੇ ਹਨ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸਬ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਜਿਸ ਉਪਰੰਤ ਉਕਤ ਦੋਸ਼ੀ ਵਲੋਂ ਵਿਜੀਲੈਂਸ ਟੀਮ ਨਾਲ ਝੱਗੜਾ ਕਰਨ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਆਈ.ਪੀ.ਸੀ ਦੀ ਧਾਰਾ 186 ਤੇ 353 ਹੇਠ ਇਕ ਵੱਖਰਾ ਕੇਸ ਦਰਜ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ  ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ  ਉਕਤ ਦੋਸ਼ੀ ਵਿਰੁੱਧ ਅੰਮ੍ਰਿਤਸਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
PunjabKesari
ਇਕ ਹੋਰ ਰਿਸ਼ਵਤ ਦੇ ਕੇਸ ਵਿਚ ਦਫਤਰ ਪ੍ਰੀਖਕ ਸਥਾਨਕ ਫੰਡ ਲੇਖਾ, ਪੰਜਾਬ ਚੰਡੀਗੜ੍ਹ ਵਿਖੇ ਤਾਇਨਾਤ ਸੁਖਮੰਦਰ ਸਿੰਘ ਨੂੰ ਤੀਰਥ ਸਿੰਘ ਵਾਸੀ ਪਿੰਡ ਧੰਨਾ ਸ਼ਹੀਦ ਤਹਿਸੀਲ ਜ਼ੀਰਾ ਜਿਲਾ ਫਿਰੋਜਪੁਰ ਦੀ ਸ਼ਿਕਾਇਤ ਤੇ ਅੱਜ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਵਲੋਂ ਪੰਚਾਇਤ ਸੰਮਤੀ ਘੱਲ ਖੁਰਦ ਦੇ ਖਾਤੇ ਵਿੱਚੋਂ 2,50,000/-ਰੁਪਏ ਦੀ ਚੈਕ ਰਾਹੀਂ ਕਢਵਾਈ ਗਈ ਰਾਸ਼ੀ ਸਬੰਧੀ ਆਡਿਟ ਇਤਰਾਜ਼ ਨਾ ਲਗਾਉਣ ਦੇ ਸਬੰਧ ਵਿੱਚ ਸੁਖਮੰਦਰ ਸਿੰਘ ਆਡਿਟਰ ਵਲੋਂ 10000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਆਡਿਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਇਕ ਹੋਰ ਰਿਸ਼ਵਤ ਦੇ ਕੇਸ ਵਿਚ ਵਿਜੀਲੈਂਸ ਬਿਓਰੋ ਵਲੋਂ ਅੱਜ ਮਾਲ ਹਲਕਾ ਬਹਾਵ ਵਾਲਾ ਤਹਿਸੀਲ ਅਬੋਹਰ ਜਿਲਾ ਫਾਜ਼ਿਲਕਾ ਵਿਖੇ ਤਾਇਨਾਤ ਪਟਵਾਰੀ ਗੁਰਿੰਦਰਪਾਲ ਸਿੰਘ ਨੂੰ ਸ਼ਿਕਾਇਤਕਰਤਾ ਕੁਲਦੀਪ ਸਿੰਘ  ਵਾਸੀ ਪਿੰਡ ਬਹਾਵ ਵਾਲਾ ਤਹਿਸੀਲ ਅਬੋਹਰ ਜਿਲਾ ਫਾਜ਼ਿਲਕਾ ਦੀ ਸ਼ਿਕਾਇਤ 'ਤੇ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਵਲੋਂ ਉਸ ਦੀ ਜਮੀਨ ਅਦਾਲਤ ਵੱਲੋਂ ਕੁਰਕ ਕੀਤੇ ਜਾਣ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਹੁਕਮ 'ਤੇ ਪਟਵਾਰੀ ਵੱਲੋਂ ਰਿਪੋਰਟ ਕਰਨ ਦੇ ਇਵਜ ਵਿਚ 4000 ਰੁਪਏ ਦੀ ਮੰਗ ਕੀਤੀ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ  ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਹਾਂ ਦੋਸ਼ੀਆਂ ਵਿਰੁੱਧ ਫਿਰੋਜਪੁਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Related News