ਪੰਜਾਬ ''ਚ ਸਿਰਫ 2 ਵਿਧਾਨ ਸਭਾ ਸੀਟਾਂ ਫਗਵਾੜਾ ਤੇ ਜਲਾਲਾਬਾਦ ਦੀਆਂ ਹੋਣਗੀਆਂ ਉਪ ਚੋਣਾਂ

06/20/2019 9:23:30 AM

ਜਲੰਧਰ (ਧਵਨ) : ਪੰਜਾਬ ਵਿਚ ਸਿਰਫ 2 ਵਿਧਾਨ ਸਭਾ ਸੀਟਾਂ ਫਗਵਾੜਾ ਤੇ ਜਲਾਲਾਬਾਦ ਦੇ ਹੀ ਉਪ ਚੋਣ ਹੋਣ ਦਾ ਰਾਹ ਸਾਫ ਹੋ ਗਿਆ ਹੈ। ਪਤਾ ਲੱਗਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਇਨ੍ਹਾਂ ਦੋ ਸੀਟਾਂ 'ਤੇ ਸਤੰਬਰ ਮਹੀਨੇ ਵਿਚ ਉਪ ਚੋਣ ਕਰਵਾ ਸਕਦਾ ਹੈ। ਫਗਵਾੜਾ ਵਿਧਾਨ ਸਭਾ ਸੀਟ ਇਸ ਲਈ ਖਾਲੀ ਹੋ ਗਈ ਕਿਉਂਕਿ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੁਣੇ ਗਏ ਜਦਕਿ ਜਲਾਲਾਬਾਦ ਸੀਟ ਨੂੰ ਇਸ ਲਈ ਖਾਲੀ ਐਲਾਨ ਕੀਤਾ ਗਿਆ ਕਿਉਂਕਿ ਸੁਖਬੀਰ ਬਾਦਲ ਫਿਰੋਜ਼ਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਨ੍ਹਾਂ ਦੋਵਾਂ ਦੇ ਹੀ ਅਸਤੀਫਿਆਂ ਨੂੰ ਮਨਜ਼ੂਰੀ ਲਈ ਕੇਂਦਰੀ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ ਜਦਕਿ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਦੋ ਹੋਰ ਵਿਧਾਇਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਾਂਗਰਸ ਵਿਚ ਸ਼ਾਮਲ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਬਾਵਜੂਦ ਇਨ੍ਹਾਂ ਦੋਵਾਂ 'ਆਪ' ਵਿਧਾਇਕਾਂ ਦੇ ਅਸਤੀਫਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ।

ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਐੱਚ. ਐੱਸ. ਫੂਲਕਾ ਦੇ ਅਸਤੀਫੇ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਨੂੰ ਸਵੀਕਾਰ ਨਾ ਕੀਤੇ ਜਾਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਅਜਿਹੀ ਸਥਿਤੀ ਵਿਚ ਫਿਲਹਾਲ ਸਿਰਫ ਦੋ ਵਿਧਾਨ ਸਭਾ ਸੀਟਾਂ ਦੀਆਂ ਹੀ ਉਪ-ਚੋਣਾਂ ਦਾ ਰਸਤਾ ਸਾਫ ਹੋਇਆ ਹੈ। ਕਾਂਗਰਸ ਦੀ ਇਹ ਰਣਨੀਤੀ ਹੈ ਕਿ ਇਨ੍ਹਾਂ ਦੋਵਾਂ ਸੀਟਾਂ ਨੂੰ ਜਿੱਤ ਕੇ ਸੂਬੇ ਵਿਚ ਇਕ ਵਾਰ ਫਿਰ ਤੋਂ ਅਕਾਲੀ ਦਲ ਉਪਰ ਦਬਾਅ ਬਣਾਇਆ ਜਾਵੇ। ਇਸ ਲਈ ਪਹਿਲੇ ਪੜਾਅ ਵਿਚ ਦੋ ਸੀਟਾਂ 'ਤੇ ਹੀ ਉਪ ਚੋਣਾਂ ਕਰਵਾਉਣ ਦੀ ਦਿਸ਼ਾ ਵੱਲ ਸੂਬਾ ਵਧ ਰਿਹਾ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਹੋਣ ਜਿਸ ਨਾਲ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਵਿਰੋਧੀ ਧਿਰ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ। ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਹੀ ਵਿਰੋਧੀ ਧਿਰ ਦੇ ਰੂਪ ਵਿਚ ਰਹਿਣੀ ਚਾਹੀਦੀ ਹੈ। ਇਸ ਲਈ ਸਿਰਫ 2 ਸੀਟਾਂ 'ਤੇ ਹੀ ਆਉਣ ਵਾਲੇ ਸਤੰਬਰ ਮਹੀਨੇ ਵਿਚ ਸਿਆਸੀ ਘਮਾਸਾਨ ਦੇਖਣ ਨੂੰ ਮਿਲੇਗਾ।

cherry

This news is Content Editor cherry