ਮਾਮਲਾ ਹੋਮਗਾਰਡ ਦੇ ਪੁੱਤ ਦੇ ਜਬਰ-ਜ਼ਨਾਹ ਦਾ, ਪੀੜਤ ਪਰਿਵਾਰ ਵਲੋਂ ਥਾਣੇ ਅੱਗੇ ਧਰਨਾ

06/26/2019 11:14:16 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਮੁਕਤਸਰ ਸ਼ਹਿਰ ਦੀ ਇਕ 5 ਸਾਲਾ ਲੜਕੀ ਨਾਲ ਹੋਮਗਾਰਡ ਜਵਾਨ ਦੇ 20 ਸਾਲਾ ਪੁੱਤਰ ਵਲੋਂ ਜਬਰ-ਜ਼ਨਾਹ ਕਰਨ ਦੇ ਕੇਸ 'ਚ ਪੁਲਸ ਵਿਭਾਗ ਵਲੋਂ ਵਰਤੀ ਜਾ ਰਹੀ ਢਿੱਲ-ਮੱਠ ਖਿਲਾਫ਼ ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਥਾਣਾ ਸਿਟੀ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ। ਇਸ ਧਰਨੇ 'ਚ ਕਿਸਾਨ, ਮਜ਼ਦੂਰ, ਬਿਜਲੀ ਮੁਲਾਜ਼ਮ, ਅਧਿਆਪਕ, ਨੌਜਵਾਨ ਅਤੇ ਪੀੜਤ ਪਰਿਵਾਰ ਦੇ ਮੈਂਬਰ ਸ਼ਾਮਲ ਸਨ। ਕਮੇਟੀ ਦੇ ਕਨਵੀਨਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਪੁਲਸ ਦੇ ਸਮਾਜ ਵਿਰੋਧੀ ਗੁੰਡਾ ਅਨਸਰਾਂ ਖ਼ਿਲਾਫ਼ ਨਰਮ ਅਤੇ ਪੁਸ਼ਤਪਨਾਹੀ ਵਾਲੇ ਵਤੀਰੇ ਕਰ ਕੇ ਔਰਤਾਂ ਅਤੇ ਬੱਚੀਆਂ ਉੱਪਰ ਜ਼ੁਲਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਔਰਤ ਦੀ ਕੁੱਟ-ਮਾਰ ਕਾਂਡ ਵਿਚ ਰਹਿੰਦੇ 3 ਦੋਸ਼ੀਆਂ ਦਾ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਰਹਿਣਾ ਅਤੇ ਮਾਸੂਮ ਲੜਕੀ ਨਾਲ ਜਬਰ-ਜ਼ਨਾਹ ਕੇਸ ਵਿਚ ਸੁਸਤ ਕਾਰਵਾਈ ਕਰਨਾ ਪੁਲਸ ਦੀਆਂ ਅਸਫਲਤਾਵਾਂ ਹਨ।

ਥਾਣੇ ਅੱਗੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਕੋ-ਕਨਵੀਨਰ ਪੂਰਨ ਸਿੰਘ ਦੋਦਾ, ਮੰਗਾ ਸਿੰਘ ਆਜ਼ਾਦ, ਅਮਰਜੀਤ ਪਾਲ ਸ਼ਰਮਾ, ਗਗਨ ਸੰਗਰਾਮੀ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਪੀੜਤ ਲੜਕੀ ਨੂੰ ਇਨਸਾਫ਼ ਦੇਣ ਦੀ ਬਜਾਏ ਪਰਿਵਾਰ ਦੀ ਖੱਜਲ-ਖੁਆਰੀ ਕਰਨ 'ਤੇ ਤੁਲਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਅਦਾਲਤ ਅੱਗੇ ਬਿਆਨ ਲੈਣ ਸਮੇਂ ਪਰਿਵਾਰ ਅਤੇ ਲੜਕੀ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ, ਜਦਕਿ ਸਿਵਲ ਹਸਪਤਾਲ 'ਚ ਵੀ ਪਰਿਵਾਰ ਅਤੇ ਲੜਕੀ ਦੀ ਕਿਸੇ ਨੇ ਸਾਰ ਤੱਕ ਨਹੀਂ ਪੁੱਛੀ, ਜਦਕਿ ਸ਼ਾਮ ਤੱਕ ਸਿਵਲ ਹਸਪਤਾਲ ਵੱਲੋਂ ਮੁੱਢਲੀ ਰਿਪੋਰਟ ਵੀ ਨਹੀਂ ਸੀ ਜਾਰੀ ਕੀਤੀ ਗਈ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਪਿੱਛੇ ਪੀੜਤ ਧਿਰ ਨੂੰ ਇਨਸਾਫ਼ ਨਾ ਦੇਣ ਦੀ ਕੋਝੀ ਸਾਜ਼ਿਸ਼ ਕੰਮ ਕਰਦੀ ਹੈ। ਪ੍ਰਦਰਸ਼ਨ ਉਪਰੰਤ ਕਮੇਟੀ ਦਾ ਇਕ ਵੱਡਾ ਵਫ਼ਦ ਐੱਸ. ਐੱਚ. ਓ. ਸਿਟੀ ਅਸ਼ੋਕ ਕੁਮਾਰ ਨੂੰ ਮਿਲਿਆ ਅਤੇ ਪੁਲਸ ਦੀ ਅਸਫਲਤਾ 'ਤੇ ਸਵਾਲ ਉਠਾਏ। ਪੁਲਸ ਅਧਿਕਾਰੀ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਪੀੜਤ ਧਿਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਅਤੇ ਅੱਗੇ ਤੋਂ ਪਰਿਵਾਰ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ।ਇਸ ਸਮੇਂ ਹਰਬੰਸ ਸਿੰਘ ਕੋਟਲੀ, ਪਵਨ ਕੁਮਾਰ, ਬੱਲਾ ਸਿੰਘ, ਰਾਜਾ ਸਿੰਘ ਮਹਾਂਬੱਧਰ, ਰਾਜਵਿੰਦਰ ਸਿੰਘ ਆਦਿ ਆਗੂ ਮੌਜੂਦ ਸਨ। ਐਕਸ਼ਨ ਕਮੇਟੀ ਆਗੂਆਂ ਨੇ ਕਿਹਾ ਕਿ ਪੀੜਤ ਮਾਸੂਮ ਲੜਕੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ। ਉੱਧਰ, ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

rajwinder kaur

This news is Content Editor rajwinder kaur