ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਨਵਾਂ ਮੋੜ, ਹੁਣ ਵਿਨੇ ਦਿਓੜਾ ਨੇ ਪਾਈ ਫੇਸਬੁੱਕ ’ਤੇ ਇਹ ਪੋਸਟ

08/10/2021 6:41:09 PM

ਮੋਹਾਲੀ/ਫਰੀਦਕੋਟ: ਮੋਹਾਲੀ ਵਿਚ ਹੋਏ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਇਸ ਕਤਲ ਕਾਂਡ ਵਿਚ ਕੋਟਕਪੂਰਾ ਦੇ ਵਿਨੇ ਦਿਓੜਾ ਦਾ ਨਾਂ ਆਉਣ ’ਤੇ ਵਿਨੇ ਦਿਓੜਾ ਨੇ ਆਪਣੇ ਫੇਸਬੁੱਕ ’ਤੇ ਅਕਾਊਂਟ ’ਤੇ ਇਕ ਪੋਸਟ ਪਾ ਕੇ ਇਸ ਦਾ ਸਪੱਸ਼ਟੀਕਰਨ ਦਿੱਤਾ ਹੈ। ਵਿਨੇ ਦਿਓੜਾ ਨਾਮ ਦੀ ਫੇਸਬੁੱਕ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਮੇਰਾ (ਵਿਨੇ ਦਿਓੜਾ) ਦਾ ਵਿੱਕੀ ਕਤਲ ਕਾਂਡ ਵਿਚ ਕੋਈ ਹੱਥ ਨਹੀਂ ਹੈ ਨਾ ਹੀ ਮੇਰੀ ਵਿੱਕੀ ਨਾਲ ਕੋਈ ਗੱਲਬਾਤ ਹੋਈ ਸੀ। ਪੁਲਸ ਜਾਣਬੁੱਝ ਕੇ ਮੇਰਾ ਨਾਮ ਇਸ ਮਾਮਲੇ ਵਿਚ ਜੋੜ ਰਹੀ ਹੈ ਅਤੇ ਜੇਕਰ ਪੁਲਸ ਕੋਲ ਮੇਰੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਮੀਡੀਆ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਇਥੇ ਹੀ ਬਸ ਨਹੀਂ ਵਿਨੇ ਦਿਓੜਾ ਨੇ ਇਹ ਵੀ ਆਖਿਆ ਹੈ ਕਿ ਜੇਕਰ ਵਿੱਕੀ ਦੇ ਕਤਲ ਵਿਚ ਪੁਲਸ ਉਸ ਖ਼ਿਲਾਫ਼ ਕੋਈ ਸਬੂਤ ਪੇਸ਼ ਕਰਦੀ ਹੈ ਤਾਂ ਉਹ ਆਪਣੇ ਆਪ ਬਾਹਰ ਆ ਜਾਵੇਗਾ। ਜਦਕਿ ਪੁਲਸ ਬਿਨਾਂ ਗੱਲ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਕਤ ਨੇ ਕਿਹਾ ਕਿ ਗੁਰਲਾਲ ਬਰਾੜ ਕਤਲ ਵਿਚ ਵੀ ਉਸ ਦਾ ਨਾਂ ਝੂਠੇ ਤੌਰ ’ਤੇ ਜੋੜਿਆ ਗਿਆ ਹੈ ਅਤੇ ਉਸ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਇਕ ਹੋਰ ਵੱਡਾ ਧਮਾਕਾ, ਫਿਰ ਘੇਰੀ ਆਪਣੀ ਹੀ ਸਰਕਾਰ

ਇੰਝ ਹੋਈ ਸੀ ਵਾਰਦਾਤ
ਦੱਸਣਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵਲੋਂ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਇਥੇ ਇਕ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਰਾਂ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਮਿੱਡੂਖੇੜਾ ਨੂੰ ਲਗਭਗ 12 ਗੋਲੀਆਂ ਲੱਗੀਆਂ ਅਤੇ 10 ਗੋਲੀਆਂ ਉਸ ਦੇ ਸਰੀਰ ’ਚੋਂ ਆਰ-ਪਾਰ ਹੋ ਗਈਆਂ ਜਦਕਿ ਦੋ ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ

ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ ਪੂਰਾ ਨਾਂ ਵਿਕਰਮਜੀਤ ਸਿੰਘ ਮਿੱਡੂਖੇੜਾ ਹੈ। ਉਹ ਅਕਾਲੀ ਦਲ ਦੇ ਨੌਜਵਾਨ ਮੋਰਚੇ ਦਾ ਆਗੂ ਸੀ। ਵਿੱਕੀ ਮਿੱਡੂਖੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਸਥਾ, ਪੰਜਾਬ ਯੂਨੀਵਰਸਿਟੀ (SOPU) ਦਾ ਪ੍ਰਧਾਨ ਵੀ ਰਹਿ ਚੁੱਕਾ ਸੀ। ਉਧਰ ਦਾ ਆਖਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕਤਲ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਵਿਰੋਧੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖਬਰ ਵਜੋਂ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਬਟਾਲਾ ’ਚ ਫਿਰ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ - ਪੰਜਾਬ ਵਿਚ ਲਗਾਤਾਰ ਹੋ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?

Gurminder Singh

This news is Content Editor Gurminder Singh