ਗੈਂਗਸਟਰ ਵਿੱਕੀ ਗੌਂਡਰ ਵਲੋਂ ਕਤਲ ਕੀਤੇ ਨੌਜਵਾਨਾਂ ਬਾਰੇ ਸਾਹਮਣੇ ਆਈਆਂ ਹੈਰਾਨ ਕਰਦੀਆਂ ਗੱਲਾਂ

04/22/2017 6:55:33 PM

ਗੁਰਦਾਸਪੁਰ : ਵੀਰਵਾਰ ਨੂੰ ਗੁਰਦਾਸਪੁਰ ''ਚ ਹੋਈ ਗੈਂਗਵਾਰ ''ਚ ਮਾਰੇ ਗਏ ਨੌਜਵਾਨ ਹਰਪ੍ਰੀਤ ਸਿੰਘ ਸੂਬੇਦਾਰ ਅਤੇ ਪ੍ਰਿੰਸ ਵਾਸੀ ਝਾਵਰ ਵਿਚ ਡੂੰਘੀ ਦੋਸਤੀ ਸੀ ਅਤੇ ਇਹ ਦੋਵੇਂ ਵੀ ਕਈ ਸੰਗੀਨ ਅਪਰਾਧਿਕ ਮਾਮਲਿਆਂ ਵਿਚ ਜੁੜੇ ਹੋਏ ਸਨ। ਸਾਲ 2005 ਵਿਚ ਇਨ੍ਹਾਂ ਨੇ ਪਿੰਡ ਨਵਾਂ ਪਿੰਡ ਝਾਵਰ ਵਿਚ ਇਕ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ ਉਸ ਲੜਕੀ ਦੇ ਇਕ ਰਿਸ਼ਤੇਦਾਰ ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਦੋਵਾਂ ਵਿਰੁੱਧ ਪੁਲਸ ਸਟੇਸ਼ਨ ਤਿੱਬੜ ਵਿਚ ਕੇਸ ਦਰਜ ਹੋਇਆ ਸੀ, ਜਿਸ ਵਿਚ ਉਹ ਜ਼ਮਾਨਤ ''ਤੇ ਸਨ। ਇਸੇ ਤਰ੍ਹਾਂ ਪ੍ਰਿੰਸ ਝਾਵਰ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ, ਹਥਿਆਰ ਐਕਟ, ਲੁੱਟਮਾਰ ਤੇ ਲੜਾਈ ਝਗੜੇ ਦੇ ਕਈ ਕੇਸ ਦਰਜ ਸਨ ਅਤੇ ਕਈ ਸਾਲ ਜੇਲ ਵਿਚ ਰਹਿਣ ਤੋਂ ਬਾਅਦ ਉਹ ਇਨ੍ਹੀਂ ਦਿਨੀਂ ਜ਼ਮਾਨਤ ''ਤੇ ਚੱਲ ਰਿਹਾ ਸੀ।

ਹਰਪ੍ਰੀਤ ਪਿਤਾ ਲਈ ਸੂਬੇਦਾਰ ਸੀ

ਗੈਂਗਵਾਰ ''ਚ ਮਾਰਿਆ ਗਿਆ ਹਰਪ੍ਰੀਤ ਸਿੰਘ ਸੂਬੇਦਾਰ ਵਾਸੀ ਮੁਸਤਫਾਬਾਦ ਜੱਟਾਂ ਅਤੇ ਸੁਖਚੈਨ ਸਿੰਘ ਉਰਫ਼ ਲਾਡੀ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ''ਤੇ ਜਬਰ-ਜ਼ਨਾਹ, ਐੱਨ. ਡੀ. ਪੀ. ਐੱਸ. ਐਕਟ, ਲੁੱਟਮਾਰ, ਲੜਾਈ ਝਗੜੇ ਆਦਿ ਦੇ ਕਈ ਕੇਸ ਹਨ ਅਤੇ ਇਹ ਸਾਰੇ ਜ਼ਮਾਨਤ ''ਤੇ ਸਨ। ਇਸੇ ਤਰ੍ਹਾਂ ਪ੍ਰਿੰਸ ਵਾਸੀ ਪਿੰਡ ਝਾਵਰ ਖਿਲਾਫ ਵੀ ਜਬਰ-ਜ਼ਨਾਹ ਤੇ ਲੜਾਈ ਝਗੜੇ ਦਾ ਕੇਸ ਚੱਲ ਰਿਹਾ ਹੈ।  ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਹੈਪੀ ਦਾ ਪਿਤਾ ਫੌਜ ਤੋਂ ਰਿਟਾਇਰ ਸੂਬੇਦਾਰ ਸੀ। ਇਹੀ ਕਾਰਨ ਹੈ ਕਿ ਉਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ ਪਰ ਹਰਪ੍ਰੀਤ ਸਿੰਘ ਸੂਬੇਦਾਰ ਆਪਣੇ ਪਿਤਾ ਦੇ ਦੱਸੇ ਰਸਤੇ ''ਤੇ ਨਹੀਂ ਚਲਦਾ ਸੀ।

ਕਾਰ ਲੁੱਟ ਕੇ ਅਪਰਾਧ ਦੀ ਦੁਨੀਆ ''ਚ ਕਦਮ ਰੱਖਿਆ ਸੀ ਹੈਪੀ ਨੇ
ਹੈਪੀ ਪਹਿਲਾਂ ਤਾਂ ਬਹੁਤ ਚੰਗੇ ਲੜਕਿਆਂ ''ਚ ਸ਼ਾਮਲ ਸੀ ਪਰ ਗਲਤ ਸੁਸਾਇਟੀ ਕਾਰਨ ਉਹ ਕਾਰ ਲੁੱਟਣ ਦੀ ਘਟਨਾ ਵਿਚ ਸ਼ਾਮਲ ਹੋ ਗਿਆ। ਉਸ ਵਿਰੁੱਧ ਪਹਿਲਾਂ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਕਾਰ ਖੋਹਣ ਦਾ ਕੇਸ ਦਰਜ ਹੋਇਆ ਸੀ, ਜਿਸ ਵਿਚ ਉਹ ਗ੍ਰਿਫ਼ਤਾਰ ਹੋਇਆ। ਉਸ ਤੋਂ ਬਾਅਦ ਉਹ ਹਰਪ੍ਰੀਤ ਸੂਬੇਦਾਰ ਨਾਲ ਮਿਲ ਕੇ ਹੋਰ ਵਾਰਦਾਤਾਂ ਕਰਨ ਲੱਗਾ ਅਤੇ ਉਸ ਵਿਰੁੱਧ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ, ਤਿੱਬੜ ਪੁਲਸ ਸਟੇਸ਼ਨ ਤੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਕਈ ਕੇਸ ਲੁੱਟਮਾਰ ਤੇ ਲੜਾਈ ਝਗੜੇ ਦੇ ਦਰਜ ਹਨ।

ਨਕਲੀ ਘਿਓ ਬਣਾਉਂਦਾ ਫੜਿਆ ਗਿਆ ਸੀ ਦਮਨ
ਦਮਨ ਕੁਮਾਰ ਮਹਾਜਨ ਦਾ ਪਿਤਾ ਵਿਜੇ ਕੁਮਾਰ ਮਹਾਜਨ ਹਰਦੋਛੰਨੀ ਰੋਡ ਗੁਰਦਾਸਪੁਰ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਦਮਨ ਕੁਮਾਰ ਪਹਿਲਾਂ ਤਾਂ ਉਸ ਨਾਲ ਹੀ ਕੰਮਕਾਜ ਕਰਦਾ ਸੀ ਪਰ ਗਲਤ ਸੁਸਾਇਟੀ ਵਿਚ ਪੈਣ ਕਾਰਨ ਉਹ ਪਹਿਲਾਂ ਇਕ ਵਾਰ ਨਕਲੀ ਦੇਸੀ ਘਿਓ ਬਣਾਉਂਦੇ ਫੜਿਆ ਗਿਆ ਅਤੇ ਉਸ ਤੋਂ ਬਾਅਦ ਉਹ ਗਲਤ ਲੋਕਾਂ ਨਾਲ ਮਿਲ ਕੇ ਛੋਟੀਆਂ-ਮੋਟੀਆਂ ਵਾਰਦਾਤਾਂ ਕਰਨ ਲੱਗਾ। ਉਸ ਵਿਰੁੱਧ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਵਿਚ ਕਈ ਲੜਾਈ ਝਗੜਿਆਂ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਉਹ ਇਨ੍ਹੀਂ ਦਿਨੀਂ ਜ਼ਮਾਨਤ ''ਤੇ ਹੈ।

ਨਾਭਾ ਜੇਲ ''ਚ ਗੌਂਡਰ ਦੇ ਸਾਥੀ ਸੁੱਖ ਤੇ ਹਰਪ੍ਰੀਤ ''ਚ ਹੋਇਆ ਸੀ ਝਗੜਾ
ਪਤਾ ਲੱਗਾ ਹੈ ਕਿ ਗੋਲੀਕਾਂਡ ''ਚ ਸ਼ਾਮਲ ਸੁੱਖ ਵਾਸੀ ਭਿਖਾਰੀਵਾਲ ਅਤੇ ਹਰਪ੍ਰੀਤ ਸਿੰਘ ਸੂਬੇਦਾਰ ਵਿਚ ਬਹੁਤ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਹ ਦੁਸ਼ਮਣੀ ਹੁਣ ਗੈਂਗਸਟਰ ਸੂਬੇਦਾਰ ਦੀ ਮੌਤ ਦਾ ਕਾਰਨ ਬਣੀ। ਸੁੱਖ ਨੇ ਤਿੰਨ ਸਾਲ ਪਹਿਲਾਂ ਵੀ ਗੀਤਾ ਭਵਨ ਰੋਡ ''ਤੇ ਹਰਪ੍ਰੀਤ ਸਿੰਘ ਸੂਬੇਦਾਰ ''ਤੇ ਗੋਲੀ ਚਲਾਈ ਸੀ, ਜਿਸ ਵਿਚ ਹਰਪ੍ਰੀਤ ਬਚ ਗਿਆ ਸੀ। ਸੁੱਖ ਭਿਖਾਰੀਵਾਲ ਇਸ ਸਮੇਂ ਨਾਭਾ ਜੇਲ ਤੋੜ ਕੇ ਭੱਜਣ ਵਾਲੇ ਵਿੱਕੀ ਗੌਂਡਰ ਦੇ ਸੰਪਰਕ ਵਿਚ ਸੀ ਅਤੇ ਵਿੱਕੀ ਸ਼ੁਰੂ ਤੋਂ ਹੀ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਨਾਭਾ ਜੇਲ ਵਿਚ ਵੀ ਹਰਪ੍ਰੀਤ ਅਤੇ ਸੁੱਖ ਵਿਚ ਕਈ ਵਾਰ ਲੜਾਈ ਹੋਈ ਸੀ ਅਤੇ ਉਥੇ ਵੀ ਇਹ ਦੋ ਧਿਰਾਂ ਵਿਚ ਵੰਡੇ ਹੋਏ ਸਨ।


ਸੁੱਖਾ ਕਾਹਲਵੇਂ ਦੀ ਤਰ੍ਹਾਂ ਮਰਡਰ ਲਈ ਪੇਸ਼ੀ ਵਾਲਾ ਦਿਨ ਚੁਣਿਆ ਹਮਲਾਵਰਾਂ ਨੇ
ਜਨਵਰੀ 2015 ''ਚ ਜਦੋਂ ਸੁੱਖਾ ਕਾਹਲਵਾਂ ਦੀ ਹੱਤਿਆ ਕੀਤੀ ਗਈ ਸੀ, ਉਸ ਦਿਨ ਉਹ ਜਲੰਧਰ ਦੀ ਅਦਾਲਤ ''ਚ ਪੇਸ਼ੀ ਭੁਗਤ ਕੇ ਜਾ ਰਿਹਾ ਸੀ। ਫਗਵਾੜਾ ''ਚ ਫਲਾਈਓਵਰ ਕੋਲ ਉਸਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸੇ ਤਰ੍ਹਾਂ ਵੀਰਵਾਰ ਨੂੰ ਹਰਪ੍ਰੀਤ ਤੇ ਸੁਖਚੈਨ ਦੀ ਹੱਤਿਆ ਲਈ ਵੀ ਹਮਲਵਰਾਂ ਨੇ ਫਲਾਈਓਵਰ ਦੇ ਕੋਲ ਦੀ ਜਗ੍ਹਾ ਚੁਣੀ ਅਤੇ ਸੁੱਖੇ ਦੀ ਤਰ੍ਹਾਂ ਉਹ ਵੀ ਅਦਾਲਤ ''ਚ ਤਾਰੀਕ ਭੁਗਤ ਕੇ ਆ ਰਹੇ ਸਨ।

Gurminder Singh

This news is Content Editor Gurminder Singh