ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੁਲਸ ਕੋਲੋਂ ਬਦਲਾ ਲੈਣ ਦੀ ਧਮਕੀ

02/11/2018 7:46:50 PM

ਪਟਿਆਲਾ (ਜੋਸਨ) : ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੁਲਸ ਅਫਸਰਾਂ ਸਮੇਤ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਲਗਾਤਾਰ ਧਮਕੀਆਂ ਮਿਲ ਰਹੀਆ ਹਨ। ਹੁਣ ਮੁੜ ਸੋਸ਼ਲ ਮੀਡੀਆ 'ਤੇ ਇਸ ਟੀਮ ਨੂੰ ਧਮਕੀ ਮਿਲੀ ਹੈ। ਪਹਿਲਾਂ ਵੀ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੰਜਾਬ ਪੁਲਸ ਦੇ ਇੰਸਪੈਕਟਰ ਬਿਕਰਮ ਬਰਾੜ ਅਤੇ ਉਸ ਦੀ ਟੀਮ ਨੂੰ ਫੇਸਬੁੱਕ 'ਤੇ ਲਗਾਤਾਰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਪਹਿਲਾਂ ਵੀ ਅਤੇ ਹੁਣ ਫਿਰ ਫੇਸਬੁੱਕ ਦੇ ਸ਼ੇਰਾ ਖੁੱਬਣ ਗਰੁੱਪ ਪੇਜ 'ਤੇ ਇਸ ਧਮਕੀ ਭਰੀ ਪੋਸਟ 'ਚ ਲਿਖਿਆ ਗਿਆ ਹੈ ਕਿ 'ਤੁਸੀਂ ਜਿਨਾਂ ਜਸ਼ਨ ਮਨਾਉਣਾ ਹੈ ਮਨ ਲਾਓ, ਤੁਹਾਨੂੰ ਦੱਸਾਂਗੇ ਕਿ ਕਿੱਦਾਂ ਸਟਾਰ ਲੱਗਦੇ ਹਨ। ਇਹ ਧਮਕੀ ਫੇਸਬੁੱਕ 'ਤੇ ਸ਼ਨੀਵਾਰ ਨੂੰ ਵਿੱਕੀ ਗੌਂਡਰ ਦੀ ਫੋਟੋ ਸਮੇਤ ਪਾਈ ਗਈ ਹੈ। ਹਾਲਾਂਕਿ ਪੁਲਸ ਫੇਸਬੁੱਕ 'ਤੇ ਚੱਲ ਰਹੀਆਂ ਪੁਲਸ ਨੂੰ ਧਮਕੀਆਂ ਖਿਲਾਫ ਚੁੱਪ ਧਾਰੀ ਬੈਠੀ ਹੈ।              
ਯਾਦ ਰਹੇ ਕਿ 26 ਜਨਵਰੀ ਨੂੰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦਾ ਐਨਕਾਊਂਟਰ ਰਾਜਸਥਾਨ ਤੇ ਪੰਜਾਬ ਬਾਰਡਰ ਉੱਪਰ ਸਥਿਤ ਪਿੰਡ ਪੱਕੀ ਢਾਣੀ ਵਿਚ ਕੀਤਾ ਗਿਆ ਸੀ। ਇਸ ਐਨਕਾਊਂਟਰ ਦੌਰਾਨ ਦੋ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ। ਐਨਕਾਊਂਟਰ ਤੋਂ ਬਾਅਦ ਫੇਸਬੁੱਕ 'ਤੇ ਗੈਂਗਸਟਰਾਂ ਵੱਲੋਂ ਚਲਾਏ ਜਾਣ ਵਾਲੇ ਗਰੁੱਪਾਂ ਵਿਚ ਇਸ ਮੁਕਾਬਲੇ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ ਐਨਕਾਊਂਟਰ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਧਮਕੀਆਂ ਦਾ ਦੌਰ ਲਗਾਤਾਰ ਜਾਰੀ ਹੈ। ਧਮਕੀਆਂ ਦੇਣ ਵਾਲੇ ਇਹ ਗੈਂਗਸਟਰ ਹਨ ਜਾਂ ਕੋਈ ਹੋਰ ਇਸ ਦਾ ਪਤਾ ਅਜੇ ਤਕ ਨਹੀਂ ਲੱਗ ਸਕਿਆ ਹੈ ਪਰ ਇਨ੍ਹਾਂ ਧਮਕੀਆਂ ਰਾਹੀਂ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਪੂਰੀ
ਕੋਸ਼ਿਸ਼ ਹੈ।