ਸਰਕਾਰ ਨੂੰ ਚੂਨਾ ਲਗਾ ਰਹੇ ਨੇ ''ਜੁਗਾੜੂ'' ਵਾਹਨ

05/14/2018 4:20:10 AM

ਕਪੂਰਥਲਾ, (ਗੁਰਵਿੰਦਰ ਕੌਰ)- ਸਰਕਾਰ ਵਲੋਂ ਸਮੇਂ-ਸਮੇਂ 'ਤੇ ਜਨਤਾ ਲਈ ਇਹੋ-ਜਿਹੇ ਕਾਨੂੰਨ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਪਾਲਣਾ ਕਰਨਾ, ਜਿਥੇ ਜਨਤਾ ਲਈ ਲਾਜ਼ਮੀ ਹੁੰਦਾ ਹੈ, ਉਥੇ ਹੀ ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜੁਰਮਾਨੇ ਤੇ ਕਦੇ-ਕਦੇ ਤਾਂ ਸਜ਼ਾ ਤੱਕ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਾਨੂੰਨਾਂ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ ਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਪਾਲਣਾ ਕਰ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਕਦੇ-ਕਦੇ ਗੈਰ-ਜ਼ਿੰਮੇਵਾਰ ਨਾਗਰਿਕ ਸ਼ਰੇਆਮ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਨਿਯਮਾਂ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹਨ ਤੇ ਕਾਨੂੰਨ ਤੋੜਦੇ ਹਨ ਤੇ ਅਧਿਕਾਰੀ ਚੁੱਪ-ਚਾਪ ਖੜ੍ਹੇ ਇਨ੍ਹਾਂ ਨੂੰ ਅਣਦੇਖਾ ਕਰ ਦਿੰਦੇ ਹਨ। ਜਿਸ ਕਰ ਕੇ ਇਨ੍ਹਾਂ ਗੈਰ-ਜ਼ਿੰਮੇਵਾਰ ਨਾਗਰਿਕਾਂ ਦੇ ਹੌਸਲੇ ਹੋਰ ਵੱਧ ਜਾਂਦੇ ਹਨ। 
ਦੂਜੇ ਪਾਸੇ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇੰਝ ਲੱਗਣ ਲੱਗ ਪੈਂਦਾ ਹੈ, ਜਿਵੇਂ ਉਹ ਬੇਕਾਰ 'ਚ ਹੀ ਕਾਨੂੰਨ ਦੇ ਘੇਰੇ 'ਚ ਬੱਝੇ ਹੋਏ ਹਨ ਤੇ ਉਨ੍ਹਾਂ ਦੇ ਦਿਲਾਂ 'ਚ ਵੀ ਕਾਨੂੰਨ ਦੇ ਖੌਫ ਨੂੰ ਨਜ਼ਰਅੰਦਾਜ਼ ਕਰਕੇ ਮਨਮਰਜ਼ੀ ਨਾਲ ਕੰਮ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹੋ ਜਿਹੀਆਂ ਕਈ ਉਦਾਹਰਣਾਂ ਆਮ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਵੇਂ ਕਿ ਮੋਟਰਸਾਈਕਲ 'ਤੇ ਬੈਠੀਆਂ 3 ਜਾਂ 4 ਸਵਾਰੀਆਂ, ਉਹ ਵੀ ਨਾਬਾਲਗ ਤੇ ਸਕੂਲਾਂ ਦੇ ਉਹ ਵਿਦਿਆਰਥੀ, ਜਿਨ੍ਹਾਂ ਦਾ ਵਿਭਾਗ ਵਲੋਂ ਲਾਇਸੈਂਸ ਨਹੀਂ ਬਣਾਇਆ ਜਾਂਦਾ। ਇਸ ਤੋਂ ਇਲਾਵਾ ਓਵਰਲੋਡ ਵਾਹਨ ਤੇ ਬੱਸਾਂ ਦੀਆਂ ਛੱਤਾਂ 'ਤੇ ਬੈਠ ਸਫਰ ਕਰਦੇ ਮੁਸਾਫਿਰ ਆਮ ਦੇਖਣ ਨੂੰ ਮਿਲਦੇ ਹਨ ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ, ਜਦੋਂ ਸੜਕ 'ਤੇ ਕੁੱਝ ਇਹੋ ਜਿਹੇ ਵਾਹਨ ਸ਼ਰੇਆਮ ਦੌੜਦੇ ਦੇਖੇ ਜਾਂਦੇ ਹਨ, ਜਿਨ੍ਹਾਂ ਦਾ ਟਰਾਂਸਪੋਰਟ ਵਿਭਾਗ 'ਚ ਸ਼ਾਇਦ ਕੋਈ ਰਿਕਾਰਡ ਵੀ ਨਹੀਂ ਹੁੰਦਾ। 
ਸ਼ਰੇਆਮ ਦੌੜਦੇ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਜਿਥੇ ਸਰਕਾਰ ਨੂੰ ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਲੱਖਾਂ ਦਾ ਭਾਰੀ ਚੂਨਾ ਲੱਗ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਮਰਸ਼ੀਅਲ ਵਾਹਨਾਂ ਦੇ ਮਾਲਕ, ਜੋ ਕਿ ਟੈਕਸ ਦੇ ਕੇ ਗੱਡੀਆਂ ਚਲਾਉਂਦੇ ਹਨ, ਉਨ੍ਹਾਂ ਦੇ ਕਾਰੋਬਾਰ ਵੀ ਇਨ੍ਹਾਂ ਕਾਰਨ ਘਾਟੇ 'ਚ ਜਾ ਰਹੇ ਹਨ। ਜੇਕਰ ਟ੍ਰੈਫਿਕ ਪੁਲਸ ਵਲੋਂ ਜੁਗਾੜੂ ਵਾਹਨਾਂ ਦੇ ਨਾਲ-ਨਾਲ ਹੋਰ ਅਣ-ਅਧਿਕਾਰਤ ਵਾਹਨਾਂ 'ਤੇ ਨੁਕੇਲ ਕੱਸੀ ਜਾਵੇ ਤਾਂ ਸਰਕਾਰ ਨੂੰ ਜਿਥੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉਥੇ ਹੀ ਲੱਖਾਂ ਰੁਪਏ ਦੀ ਆਮਦਨ ਵੀ ਹੋ ਸਕਦੀ ਹੈ। 
ਜੁਗਾੜੂ ਵਾਹਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਇੰਸ. ਪੱਤੜ 
ਇਸ ਸਬੰਧੀ ਜਦੋਂ ਟ੍ਰੈਫਿਕ ਪੁਲਸ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਜੁਗਾੜੂ ਵਾਹਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਆਈਆਂ ਹਦਾਇਤਾਂ ਅਨੁਸਾਰ ਦੋ ਪਹੀਆ ਵਾਹਨਾਂ ਤੇ ਹੋਰ ਵਾਹਨਾਂ ਨੂੰ ਮੋਡੀਫਾਈ ਕਰਨ ਵਾਲੇ ਮਕੈਨੀਕਾਂ ਤੇ ਸਪੇਅਰ ਪਾਰਟਸ ਦਾ ਸਾਮਾਨ ਦੇਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ ਤੇ ਸੈਮੀਨਾਰ ਲਗਾ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਉਹ ਵਾਹਨਾਂ ਨੂੰ ਮੋਡੀਫਾਈ ਕਰਨ ਤੋਂ ਗੁਰੇਜ ਕਰਨ। ਜੇਕਰ ਫਿਰ ਵੀ ਵਾਹਨਾਂ ਨੂੰ ਮੋਡੀਫਾਈ ਕਰਨ ਦਾ ਕੰਮ ਜਾਰੀ ਰਿਹਾ ਤਾਂ ਵਾਹਨ ਚਾਲਕਾਂ ਦੇ ਨਾਲ-ਨਾਲ ਮਕੈਨੀਕਾਂ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ 'ਤੇ ਪਰਚੇ ਦਰਜ ਕੀਤੇ ਜਾਣਗੇ।
ਦਿਨੋਂ-ਦਿਨ ਵੱਧ ਰਹੀ ਹੈ 'ਜੁਗਾੜੂ' ਵਾਹਨਾਂ ਦੀ ਗਿਣਤੀ
ਹਰ ਪਾਸੇ ਵੱਡੀ ਗਿਣਤੀ 'ਚ ਜੁਗਾੜੂ ਵਾਹਨ ਨਜ਼ਰ ਆਉਣ ਲੱਗ ਪਏ ਹਨ, ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹਨ ਤੇ ਬਿਨਾਂ ਹੈਵੀ ਤੇ ਕਮਰਸ਼ੀਅਲ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਸਾਮਾਨ ਦੀ ਢੋਆ-ਢੁਆਈ ਕਰਦੇ ਹਨ। ਪਹਿਲਾਂ ਤਾਂ ਇਨ੍ਹਾਂ ਵਾਹਨਾਂ ਦੀ ਵਰਤੋਂ ਸਿਰਫ ਪਿੰਡਾਂ 'ਚ ਹੀ ਕੀਤੀ ਜਾਂਦੀ ਸੀ ਪਰ ਹੁਣ ਤਾਂ ਹਰ ਸ਼ਹਿਰ 'ਚ ਇਨ੍ਹਾਂ ਜੁਗੜੂ ਵਾਹਨਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹ ਵਾਹਨ ਕਦੇ ਮੋਟਰਸਾਈਕਲ ਪਿੱਛੇ 3 ਪਹੀਆ ਜਾਂ ਕਿਸੇ ਵਾਹਨ ਨਾਲ ਐਡਜਸਟ ਕਰ ਕੇ ਮੋਡੀਫਾਈ ਕੀਤੇ ਹੁੰਦੇ ਹਨ, ਜੋ ਅਕਸਰ ਓਵਰਲੋਡ ਤੇ ਭਾਰੀ ਸਾਮਾਨ ਲੱਦੀ ਭੱਜੇ ਫਿਰਦੇ ਹਨ। 
ਹਾਦਸਿਆਂ ਦਾ ਬਣਿਆ ਰਹਿੰਦੈ ਖਤਰਾ
ਮੋਟਰਸਾਈਕਲ ਜਾਂ ਮੋਪੇਡ, ਜਿਨ੍ਹਾਂ ਦੇ ਇੰਜਣ ਸਿਰਫ ਦੋ ਵਿਅਕਤੀਆਂ ਦੇ ਭਾਰ ਚੁੱਕਣ ਲਈ ਹੁੰਦੇ ਹਨ, ਪਿੱਛੇ ਸਾਮਾਨ ਲੱਦਣ ਦਾ ਜੁਗਾੜ ਲਾ ਕੇ ਉਨ੍ਹਾਂ 'ਤੇ ਵਜ਼ਨ ਲੱਦ ਕੇ ਢੋਂਅਦੇ ਸਮੇਂ ਜੇਕਰ ਇੰਜਣ 'ਚ ਖਰਾਬੀ ਆ ਜਾਵੇ ਤਾਂ ਵਜ਼ਨ ਕਾਰਨ ਉਹ ਬੇਕਾਬੂ ਹੋ ਜਾਵੇ ਤਾਂ ਇਹੋ ਵਾਹਨ ਸੜਕ 'ਤੇ ਚਲਦੇ ਸਮੇਂ ਜਿਥੇ ਆਪਣੇ ਆਪ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ , ਉਥੇ ਹੀ ਦੂਜੇ ਪਾਸੇ ਸੜਕ 'ਤੇ ਚਲਦੇ ਕੁੱਝ ਹੋਰ ਵਾਹਨਾਂ ਨੂੰ ਵੀ ਹਾਦਸੇ ਦਾ ਸ਼ਿਕਾਰ ਬਣਾ ਸਕਦੇ ਹਨ। ਜੇਕਰ ਥਾਂ-ਥਾਂ 'ਤੇ ਲੱਗੇ ਨਾਕਿਆਂ 'ਤੇ ਤਾਇਨਾਤ ਪੁਲਸ ਮੁਲਾਜ਼ਮ ਇਨ੍ਹਾਂ ਜੁਗਾੜੂ ਵਾਹਨਾਂ 'ਤੇ ਤਿੱਖੀ ਨਜ਼ਰ ਰੱਖਣ ਤੇ ਇਨ੍ਹਾਂ 'ਤੇ ਕਾਬੂ ਪਾਉਣਾ ਸ਼ੁਰੂ ਕਰਨ ਤਾਂ ਜਿਥੇ ਸਰਕਾਰ ਨੂੰ ਲੱਗ ਰਿਹਾ ਚੂਨਾ ਬੰਦ ਹੋ ਸਕਦਾ ਹੈ, ਉਥੇ ਹੀ ਇਨ੍ਹਾਂ 'ਜੁਗੜੂ' ਵਾਹਨਾਂ ਤੋਂ ਹੋਰ ਵਾਹਨ ਚਾਲਕ ਸੁਰੱਖਿਅਤ ਹੋ ਸਕਦੇ ਹਨ। 
ਟ੍ਰੈਫਿਕ ਪੁਲਸ ਬਣੀ ਮੂਕ ਦਰਸ਼ਕ
ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਸ ਵਲੋਂ ਜ਼ਿਆਦਾਤਰ ਦੋ-ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਸ਼ਹਿਰ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਵਲੋਂ ਮੋਟਰਸਾਈਕਲ, ਆਟੋਆਂ, ਘੜੁੱਕਿਆਂ (ਪੀਟਰ) ਤੇ ਹੋਰ ਕਈ ਤਰ੍ਹਾਂ ਦੇ ਵਾਹਨਾਂ ਨੂੰ ਮੋਡੀਫਾਈ ਕਰਕੇ ਬਾਜ਼ਾਰਾਂ 'ਚ ਸ਼ਰੇਆਮ ਘੁਮਾਇਆ ਜਾ ਰਿਹਾ ਹੈ, ਜਿਹੜੇ ਪੁਲਸ ਨੂੰ ਸ਼ਾਇਦ ਦਿਖਾਈ ਨਹੀਂ ਦੇ ਰਹੇ ਜਾਂ ਫਿਰ ਦੇਖ ਕੇ ਅਣਦੇਖਾ ਕੀਤਾ ਜਾ ਰਿਹਾ ਹੈ। ਚੌਕ 'ਚ ਖੜ੍ਹੇ ਪੁਲਸ ਮੁਲਾਜ਼ਮਾਂ ਦੇ ਨੱਕ ਹੇਠੋਂ ਇਹ ਵਾਹਨ ਆਮ ਲੰਘਦੇ ਆਮ ਦੇਖੇ ਜਾ ਸਕਦੇ ਹਨ ਤੇ ਇਨ੍ਹਾਂ ਲੋਕਾਂ ਨੂੰ ਪੁਲਸ ਦਾ ਡਰ ਨਾ ਹੋਣ ਕਾਰਨ ਆਏ ਦਿਨ ਇਨ੍ਹਾਂ ਜੁਗਾੜੂ ਵਾਹਨਾਂ ਦੀ ਗਿਣਤੀ 'ਚ ਵਾਧਾ ਹੋਣ ਲੱਗ ਪਿਆ ਹੈ।