ਨੀਲਾਮੀ ਨਾ ਹੋਣ ਕਾਰਨ ਕਬਾੜ ਬਣੇ ਪੁਲਸ ਵਲੋਂ ਫੜੇ ਵਾਹਨ

09/10/2017 6:54:56 AM

ਕਪੂਰਥਲਾ, (ਗੌਰਵ)- ਲੰਬੇ ਸਮੇਂ ਤੋਂ ਜ਼ਿਲੇ ਭਰ 'ਚ ਵੱਖ-ਵੱਖ ਪੁਲਸ ਥਾਣਿਆਂ ਵਲੋਂ ਅਪਰਾਧੀਆਂ ਪਾਸੋਂ ਬਰਾਮਦ ਕੀਤੀਆਂ ਗਈਆਂ ਗੱਡੀਆਂ ਦੀ ਨੀਲਾਮੀ ਨਾ ਹੋਣ ਦੇ ਸਿੱਟੇ ਵਜੋਂ ਜਿਥੇ ਕਰੋੜਾਂ ਰੁਪਏ ਮੁੱਲ ਦੀਆਂ ਗੱਡੀਆਂ ਕਬਾੜ ਬਣ ਗਈਆਂ ਹਨ, ਉਥੇ ਹੀ ਇਨ੍ਹਾਂ ਗੱਡੀਆਂ ਨੇ ਥਾਣਿਆਂ ਦੀ ਬੇਸ਼ਕੀਮਤੀ ਜਗ੍ਹਾ ਨੂੰ ਘੇਰ ਲਿਆ ਹੈ ਅਤੇ ਇਨ੍ਹਾਂ 'ਚ ਪਏ ਗੰਦੇ ਪਾਣੀ ਨੇ ਡੇਂਗੂ ਵਰਗੀ ਖਤਰਨਾਕ ਬੀਮਾਰੀ ਨੂੰ ਪੈਦਾ ਕਰ ਲਿਆ ਹੈ, ਜਿਸ ਦਾ ਭੈੜਾ ਅਸਰ ਜ਼ਿਲੇ ਦੇ ਲੱਖਾਂ ਲੋਕਾਂ ਦੀ ਸੁਰੱਖਿਆ ਕਰ ਰਹੇ ਪੁਲਸ ਮੁਲਾਜ਼ਮਾਂ ਦੀ ਸਿਹਤ 'ਤੇ ਪੈ ਸਕਦਾ ਹੈ। 
ਡੇਂਗੂ ਦੇ ਮੌਸਮ 'ਚ ਖਤਰਨਾਕ ਬੀਮਾਰੀ ਪੈਦਾ ਕਰ ਸਕਦੇ ਹਨ ਕਬਾੜ ਹੋਏ ਵਾਹਨ- ਡੇਂਗੂ ਦੇ ਇਸ ਖਤਰਨਾਕ ਮੌਸਮ ਦੌਰਾਨ ਜਿਥੇ ਹਜ਼ਾਰਾਂ ਲੋਕ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਸਿਹਤ ਵਿਭਾਗ ਕਬਾੜ ਹੋ ਚੁੱਕੀਆਂ ਗੱਡੀਆਂ ਦੇ ਟਾਈਰਾਂ ਅਤੇ ਹੋਰ ਲੋਹੇ ਦੇ ਸਾਮਾਨ ਵਿਚ ਪਏ ਪਾਣੀ ਨੂੰ ਸਾਫ ਕਰਵਾਉਣ ਦੀ ਮੁਹਿੰਮ 'ਚ ਰੁਝਿਆ ਹੋਇਆ ਹੈ ਪਰ ਪੁਲਸ ਥਾਣਿਆਂ ਦੇ ਸੀ. ਆਈ. ਏ. ਸਟਾਫ ਕੰਪਲੈਕਸ ਦੇ ਆਲੇ-ਦੁਆਲੇ ਪਿਛਲੇ 20-25 ਸਾਲਾਂ ਤੋਂ ਕਬਾੜ ਹੋ ਚੁੱਕੇ ਇਨ੍ਹਾਂ ਵਾਹਨਾਂ 'ਚ ਇਸ ਕਦਰ ਗੰਦਾ ਪਾਣੀ ਭਰ ਚੁੱਕਾ ਹੈ ਕਿ ਇਨ੍ਹਾਂ 'ਚ ਪੈਦਾ ਹੋਣ ਵਾਲੇ ਜ਼ਹਿਰੀਲੇ ਮੱਛਰ ਖਤਰਨਾਕ ਬੀਮਾਰੀਆਂ ਅਤੇ ਡੇਂਗੂ ਨੂੰ ਪੈਦਾ ਕਰ ਰਹੇ ਹਨ, ਉਥੇ ਹੀ ਇਸ ਨਾਲ ਥਾਣਿਆਂ ਅਤੇ ਵਿੰਗਾਂ 'ਚ ਕੰਮ ਕਰ ਰਹੇ ਪੁਲਸ ਮੁਲਾਜ਼ਮਾਂ ਦੀ ਸਿਹਤ 'ਤੇ ਵੀ ਭੈੜਾ ਅਸਰ ਪੈ ਸਕਦਾ ਹੈ, ਜੋ ਲੋਕਾਂ ਦੀ ਸੁਰੱਖਿਆ ਲਈ ਵੀ ਚੁਨੌਤੀ ਬਣ ਸਕਦਾ ਹੈ।
ਪਿਛਲੇ 20 ਸਾਲਾਂ ਤੋਂ ਨਹੀਂ ਹੋਈ ਗੱਡੀਆਂ ਦੀ ਨੀਲਾਮੀ- ਜ਼ਿਲਾ ਪੁਲਸ ਵਲੋਂ ਅੱਤਵਾਦ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਸਿੱਟੇ ਵਜੋਂ ਅੱਤਵਾਦੀਆ ਪਾਸੋਂ ਸੈਂਕੜੇ ਦੀ ਗਿਣਤੀ ਵਿਚ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਉਥੇ ਹੀ ਇਸ ਦੌਰਾਨ ਖਤਰਨਾਕ ਅਪਰਾਧੀਆਂ ਪਾਸੋਂ ਵਾਹਨ ਬਰਾਮਦ ਕੀਤੇ ਗਏ ਸਨ ਪਰ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਿਚ ਤਾਲਮੇਲ ਦੀ ਘਾਟ ਦੇ ਸਿੱਟੇ ਵਜੋਂ ਕਦੀ ਲੱਗਜ਼ਰੀ ਗੱਡੀਆਂ ਰਹੇ ਇਹ ਵਾਹਨ ਹੁਣ ਕਬਾੜ ਬਣ ਗਏ ਹਨ ਅਤੇ ਇਨ੍ਹਾਂ ਵਿਚ ਕਈ ਜਗ੍ਹਾ ਤੋਂ ਜੰਗਲੀ ਘਾਹ ਵੀ ਪੈਦਾ ਹੋ ਗਿਆ ਹੈ ਉਥੇ ਹੀ ਜੇਕਰ ਵਾਹਨਾਂ ਦੀ ਸਮੇਂ ਸਿਰ ਨੀਲਾਮੀ ਕੀਤੀ ਹੁੰਦੀ ਤਾਂ ਸਰਕਾਰ ਦੇ ਖਾਤੇ ਵਿਚ ਕਰੋੜਾਂ ਰੁਪਏ ਦੀ ਰਕਮ ਆ ਜਾਣੀ ਸੀ।