ਖ਼ੇਤਾਂ ’ਚ ਸਬਜ਼ੀਆਂ ਦੇ ਝੁਲਸਣ ਨਾਲ ਦੁੱਗਣੇ ਹੋਏ ਭਾਅ, ਆਮ ਲੋਕ ਪਰੇਸ਼ਾਨ

07/05/2020 10:26:53 AM

ਮੋਗਾ (ਗੋਪੀ ਰਾਉੂਕੇ) : ਇਕ ਪਾਸੇ ਜਿੱਥੇ ਪਿਛਲੇ ਦੋ ਹਫਤਿਆਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ‘ਹਾਲੋਂ-ਬੇਹਾਲ’ ਕੀਤਾ ਹੋਇਆ ਹੈ, ਉੱਥੇ ਦੂਜੇ ਪਾਸੇ ਗਰਮੀ ਕਰਕੇ ਖ਼ੇਤਾਂ 'ਚ ਸਬਜ਼ੀਆਂ ਦੀਆਂ ਫ਼ਸਲਾਂ ਦੇ ਝੁਲਸਣ ਮਗਰੋਂ ਇਕ-ਦਮ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋਣ ਲੱਗੇ ਹਨ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਘਰੇਲੂ ਰਸੋਈ ਦਾ ਬਜਟ ਵੀ ਵਿਗੜਨ ਲੱਗਾ ਹੈ, ਪਤਾ ਲੱਗਾ ਹੈ ਕਿ ਗਰਮੀਆਂ ਦੀਆਂ ਮੌਸਮੀ ਸਬਜ਼ੀਆਂ ਕੱਦੂ, ਬੈਂਗਣ, ਤੋਰੀਆਂ, ਭਿੰਡੀ ਅਤੇ ਕਰੇਲੇ ਸਮੇਤ ਹੋਰ ਸਬਜ਼ੀਆਂ ਦੀਆਂ ਵੇਲਾਂ ਪਿਛਲੇ ਦੋ ਹਫਤਿਆਂ ਦੌਰਾਨ ਹੌਲੀ-ਹੌਲੀ ਕਰ ਕੇ ਪੂਰੀ ਤਰ੍ਹਾਂ ਹੀ ਸੁੱਕ ਕੇ ਰਹਿ ਗਈਆਂ, ਇੱਥੇ ਹੀ ਬੱਸ ਨਹੀਂ ਗਰਮੀ ਕਰ ਕੇ ਕਈ ਸਬਜ਼ੀਆਂ ਦੇ ਖ਼ੇਤਾਂ 'ਚ ਸਬਜ਼ੀਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ ਤੇ ਕਿਸਾਨ ਵਰਗ ਇਨ੍ਹਾਂ ਖੇਤਾਂ 'ਚ ਮਜ਼ਬੂਰੀ ਵੱਸ ਹੁਣ ਪਿਛੇਤਾ ਝੋਨਾ ਲਾਉਣ ਦੀ ਵਿਉਂਤਬੰਧੀ ਕਰਨ ਲੱਗਾ ਹੈ।

‘ਜਗ ਬਾਣੀ’ ਵਲੋਂ ਸਬਜ਼ੀਆਂ ਮੰਡੀ ਤੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਪਿਛਲੇ ਇਕ ਹਫ਼ਤੇ ਦੌਰਾਨ ਥੋਕ 'ਚ ਸਬਜ਼ੀਆਂ ਦੀ ਕੀਮਤ 60 ਤੋਂ 70 ਫ਼ੀਸਦੀ ਜਦੋਂ ਕਿ ਪ੍ਰਚੂਨ 'ਚ ਇਹ ਭਾਅ 100 ਫ਼ੀਸਦੀ ਤੱਕ ਵੀ ਵੱਧ ਗਏ ਹਨ। ਮੰਡੀ ਤੋਂ ਸਬਜ਼ੀਆਂ ਲਿਆ ਕੇ ਵੇਚਣ ਵਾਲੇ ਪ੍ਰਵਾਸੀ ਜੋਗਿੰਦਰ ਦਾ ਕਹਿਣਾ ਸੀ ਕਿ ਭਾਵੇਂ ਇੰਨ੍ਹੀਂ ਦਿਨੀਂ ਗਰਮੀ ਦੇ ਸੀਜ਼ਨ ਦੌਰਾਨ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ, ਪਰ ਐਤਕੀ ਬਾਰਿਸ਼ਾਂ ਲੇਟ ਹੋਣ ਕਰਕੇ ਭਾਅ ਜ਼ਿਆਦਾ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਖ਼ੇਤਾਂ 'ਚ ਸਬਜ਼ੀਆਂ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਕਿਸਾਨਾਂ ਅਤੇ ਮਜ਼ਦੂਰ ਕਾਮਿਆਂ ਨੇ ਕਾਫ਼ੀ ਵਾਹ ਲਾਈ, ਪਰ ਫਿਰ ਵੀ ਸਬਜ਼ੀਆਂ ਨੂੰ ਗਰਮੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਘਰੇਲੂ ਬਗੀਚੀ ’ਚ ਪਿਛਲੇ 4 ਵਰ੍ਹਿਆਂ ਤੋਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੀ ਸੁਆਣੀ ਮਨਜੀਤ ਕੌਰ ਦੱਸਦੀ ਸੀ ਕਿ ਗਰਮੀ ਕਰ ਕੇ ਸਬਜ਼ੀਆਂ ਝੁਲਸ ਗਈਆਂ ਹਨ।

ਉਨ੍ਹਾਂ ਕਿਹਾ ਕਿ ਕੱਦੂ ਅਤੇ ਪੇਠੇ ਸਮੇਤ ਸ਼ਿਮਲਾ ਮਿਰਚ ਦੀ ਫ਼ਸਲ ’ਤੇ ਸਭ ਤੋਂ ਵੱਧ ਮਾਰ ਗਰਮੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਦੇਖਣ 'ਚ ਆਇਆ ਹੈ ਕਿ ਸਬਜ਼ੀਆਂ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਜ਼ਿਆਦਾ ਪਾਣੀ ਲਾਇਆ ਗਿਆ ਹੈ ਪਰ ਪਾਣੀ ਖੜ੍ਹਨ ਨਾਲ ਫ਼ਸਲ ਦੀਆਂ ਜੜ੍ਹਾ ਖਰਾਬ ਹੋਣ ਕਰ ਕੇ ਵੀ ਸਬਜ਼ੀਆਂ ਖਰਾਬ ਹੋਈਆਂ ਹਨ। ਮਾਰਕੀਟ ਕਮੇਟੀ ਮੋਗਾ ਦੇ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਸਬਜ਼ੀਆਂ ਦੇ ਭਾਅ 'ਚ ਵਾਧਾ ਹੋਇਆ ਹੈ।

Babita

This news is Content Editor Babita