ਮੁਰਗੇ ਤੋਂ ਮਹਿੰਗੀਆਂ ਹੋਈਆਂ ਸਬਜ਼ੀਆਂ, ਰਸੋਈ ਘਰਾਂ ਦਾ ਬਜਟ ਤਹਿਸ-ਨਹਿਸ

10/27/2022 3:07:22 PM

ਲੁਧਿਆਣਾ (ਖੁਰਾਣਾ) : ਮੁਰਗੇ ਦੇ ਮੀਟ ਤੋਂ ਵੀ ਮਹਿੰਗੀਆਂ ਹੋਈਆਂ ਸਬਜ਼ੀਆਂ ਨੇ ਖਾਸ ਕਰ ਕੇ ਸ਼ਾਕਾਹਾਰੀ ਵਰਗ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ ਵਾਸੀ ਦੁਵਿਧਾ ’ਚ ਪੈ ਗਏ ਹਨ। ਜ਼ਿਆਦਾਤਰ ਪਰਿਵਾਰਾਂ ’ਚ ਜਿੱਥੇ ਕੁੱਝ ਮੈਂਬਰ ਸ਼ਾਕਾਹਾਰੀ ਹੁੰਦੇ ਹਨ ਤਾਂ ਕੁੱਝ ਮੁਰਗਾ ਅਤੇ ਮੱਛੀ ਖਾਣ ਦੇ ਵੀ ਸ਼ੌਕੀਨ ਹੁੰਦੇ ਹਨ। ਅਜਿਹੇ ’ਚ ਉਕਤ ਪਰਿਵਾਰਾਂ ’ਚ ਬਹਿਸ ਛਿੜ ਗਈ ਹੈ ਕਿ ਕਿਉਂ ਨਾ ਮਹਿੰਗੇ ਮੁੱਲ ਦੀਆਂ ਸਬਜ਼ੀਆਂ ਖਾਣ ਨਾਲੋਂ ਸਸਤੇ ਮੁਰਗੇ ਦਾ ਸਵਾਦ ਚੱਖਿਆ ਜਾਵੇ।

ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮੌਜੂਦਾ ਸਮੇਂ ’ਚ ਕਈ ਸਬਜ਼ੀਆਂ ਦੀਆਂ ਕੀਮਤਾਂ ਦੋਹਰਾ ਸੈਂਕੜਾ ਜੜਨ ਦੇ ਕਰੀਬ ਪੁੱਜ ਚੁੱਕੀਆਂ ਹਨ, ਜਿਸ ’ਚ ਮੁੱਖ ਤੌਰ ’ਤੇ ਮਟਰ ਸ਼ਾਮਲ ਹਨ, ਜੋ ਹੋਲਸੇਲ ਮੰਡੀ ’ਚ 120 ਰੁਪਏ ਤੇ ਸਟ੍ਰੀਟ ਵੈਂਡਰਾਂ ਤੋਂ 200 ਰੁਪਏ ਕਿੱਲੋ ਮਿਲ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਿਆਜ਼ ਕਈ ਵਾਰ ਮਹਿੰਗਾ ਹੋਣ ’ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਮੌਜੂਦਾ ਸਮੇਂ ਦੌਰਾਨ ਵਧਦੀਆਂ ਕੀਮਤਾਂ ਕਾਰਨ ਹਰ ਵਰਗ ਦਾ ਘਰੇਲੂ ਬਜਟ ਤਹਿਸ-ਨਹਿਸ ਹੋਣ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਵੱਲੋਂ ਮੀਡੀਆ ’ਚ ਬਿਆਨਬਾਜ਼ੀ ਤਕ ਵੀ ਨਹੀਂ ਕੀਤੀ ਜਾ ਰਹੀ।

ਜੇਕਰ ਹੁਣ ਗੱਲ ਕੀਤੀ ਜਾਵੇ ਮਹਾਨਗਰ ਦੀ ਹੋਲਸੇਲ ਸਬਜ਼ੀ ਮੰਡੀ ’ਚ ਥੋਕ ਦੀਆਂ ਕੀਮਤਾਂ ’ਚ ਵਿਕਣ ਵਾਲੀਆਂ ਸਬਜ਼ੀਆਂ ਦੀ ਤਾਂ ਮਟਰ, ਟਮਾਟਰ, ਅਦਰਕ, ਸ਼ਿਮਲਾ ਮਿਰਚ ਅਤੇ ਬ੍ਰੋਕਲੀ (ਵਿਦੇਸ਼ੀ ਗੋਭੀ) ਦਾ ਤਾਂ ਸਵਾਦ ਚੱਖਣਾ ਆਮ ਆਦਮੀ ਦੀ ਪਹੁੰਚ ਤੋਂ ਦੂਰ ਦੀ ਗੱਲ ਸਾਬਤ ਹੋਣ ਲੱਗਾ ਹੈ। ਅਜਿਹੇ ’ਚ ਉਕਤ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਲੱਗਣ ਵਾਲੀਆਂ ਦੁਕਾਨਾਂ ਅਤੇ ਗਲੀ-ਮੁਹੱਲਿਆਂ ’ਚ ਪੁੱਜਣ ਵਾਲੀਆਂ ਸਬਜ਼ੀਆਂ ਰੇਹੜੀਆਂ ਤੋਂ ਗਾਇਬ ਹੋ ਚੁੱਕੀਆਂ ਹਨ।


ਹੋਲਸੇਲ ਬਾਜ਼ਾਰ ’ਚ ਸਬਜ਼ੀਆਂ ਦਾ ਭਾਅ

ਮਟਰ- 120 ਰੁਪਏ ਪ੍ਰਤੀ ਕਿੱਲੋ
ਟਮਾਟਰ- 45 ਰੁਪਏ ਪ੍ਰਤੀ ਕਿੱਲੋ
ਅਦਰਕ- 50 ਰੁਪਏ ਪ੍ਰਤੀ ਕਿੱਲੋ
ਸ਼ਿਮਲਾ ਮਿਰਚ- 60 ਰੁਪਏ ਪ੍ਰਤੀ ਕਿੱਲੋ
ਫ੍ਰਾਂਸ ਬੀਨ- 50 ਰੁਪਏ ਪ੍ਰਤੀ ਕਿੱਲੋ
ਹਰੀ ਮਿਰਚ- 35 ਰੁਪਏ ਪ੍ਰਤੀ ਕਿੱਲੋ

ਇਸ ਸਬੰਧੀ ਗੱਲਬਾਤ ਕਰਦਿਆਂ ਘਰੇਲੂ ਆਰਤ ਰਮਨਪ੍ਰੀਤ ਕੌਰ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਮਹਿੰਗਾਈ ਜੰਗਲ ਦੀ ਅੱਗ ਵਾਂਗ ਲਗਾਤਾਰ ਮੱਧ ਵਰਗੀ ਪਰਿਵਾਰਾਂ ਦੀ ਰਸੋਈ ਦਾ ਬਜਟ ਵਿਗਾੜ ਰਹੀ ਹੈ ਅਤੇ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਪ੍ਰਾਈਵੇਟ ਨੌਕਰੀ ਪੇਸ਼ਾ ਪਰਿਵਾਰਾਂ ਲਈ ਇਹ ਬਹੁਤ ਹੀ ਚੁਣੌਤੀਪੂਰਨ ਸਮਾਂ ਹੈ ਕਿ ਉਹ ਆਪਣੇ ਘਰਾਂ ਦਾ ਖਰਚਾ ਕਿਵੇਂ ਚਲਾਉਣ। ਮਹਿੰਗਾਈ ਦੀ ਮਾਰ ਕਾਰਨ ਮੌਜੂਦਾ ਸਮੇਂ ਦੌਰਾਨ ਜ਼ਿਆਦਾਤਰ ਪਰਿਵਾਰਾਂ ਨੂੰ ਆਪਣਾ ਅਤੇ ਆਪਣੇ ਮਾਸੂਮ ਬੱਚਿਆਂ ਦੀਆਂ ਇੱਛਾਵਾਂ ਦਾ ਰੋਜ਼ ਗਲਾ ਘੁੱਟਣਾ ਪੈ ਰਿਹਾ ਹੈ, ਜੋ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵੱਡੀ ਨਾਲਾਇਕੀ ਕਹੀ ਜਾ ਸਕਦੀ ਹੈ।

ਘਰੇਲੂ ਔਰਤ ਸਿਮਰਨਜੀਤ ਕੌਰ ਨੇ ਕਿਹਾ ਕਿ ਮਹਿੰਗਾਈ ਦੇ ਮੁੱਦੇ ’ਤੇ ਸਰਕਾਰਾਂ ਲਗਾਤਾਰ ਫੇਲ੍ਹ ਸਾਬਤ ਹੋ ਰਹੀਆਂ ਹਨ। ਜਦੋਂਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰੋਟੀ, ਕਪੜਾ ਅਤੇ ਮਕਾਨ ਸਮੇਤ ਨੌਕਰੀਆਂ ਮੁਹੱਈਆ ਕਰਵਾਏ ਪਰ ਇੱਥੇ ਤਾਂ ਉਲਟਾ ਦੇਸ਼ ਵਾਸੀਆਂ ਨੂੰ ਮਹਿੰਗਾਈ ਦੀ ਭੱਠੀ ’ਚ ਝੋਕ ਕੇ ਸਮੇਂ ਤੋਂ ਪਹਿਲਾਂ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਵਪਾਰੀ ਜਸਕੀਰਤ ਖੇੜਾ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਘਰੇਲੂ ਗੈਸ ਸਿਲੰਡਰ, ਦਾਲਾਂ, ਰਿਫਾਈਂਡ ਤੇਲ, ਆਟਾ, ਸਬਜ਼ੀਆਂ ਅਤੇ ਫਲ਼ ਸਭ ਕੁੱਝ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਹੀ ਅਰਥਾਂ ’ਚ ਕਿਹਾ ਜਾਵੇ ਤਾਂ ਲੋਕਾਂ ਨੂੰ ਖਾਣ-ਪੀਣ ਦੇ ਲਾਲੇ ਪੈ ਚੁੱਕੇ ਹਨ। ਜ਼ਿਆਦਾਤਰ ਪਰਿਵਾਰ ਆਪਣੀਆਂ ਮਨਪਸੰਦ ਚੀਜ਼ਾਂ ਖਾਣ ਨੂੰ ਵੀ ਤਰਸ ਰਹੇ ਹਨ। ਮਤਲਬ ਜ਼ਿੰਦਗੀ ਮਹਿੰਗੀ ਅਤੇ ਮੌਤ ਸਸਤੀ ਹੁੰਦੀ ਜਾ ਰਹੀ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰ ਕੇ ਦਿਓ ਆਪਣੀ ਰਾਏ।

Anuradha

This news is Content Editor Anuradha