ਸਬਜ਼ੀਆਂ ਤੇ ਫਲਾਂ ਦੇ ਭਾਅ ਦੁਬਾਰਾ ਆਸਮਾਨੀ ਚੜ੍ਹੇ

08/28/2017 7:17:05 AM

ਸੁਲਤਾਨਪੁਰ ਲੋਧੀ, (ਧੀਰ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਰੁੱਧ ਅਦਾਲਤੀ ਫੈਸਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਮਗਰੋਂ ਹਿੰਸਾ ਨਾਲ ਪੰਜਾਬ, ਹਰਿਆਣਾ, ਹਿਮਾਚਲ 'ਚ ਆਵਾਜਾਈ ਦੇ ਸਾਧਨ ਪ੍ਰਭਾਵਿਤ ਹੋਣ ਕਾਰਨ ਜਿਥੇ ਆਮ ਜਨ-ਜੀਵਨ 'ਚ ਖੜੋਤ ਆ ਗਈ ਹੈ, ਉਥੇ ਲੋਕਾਂ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵੀ ਆਸਮਾਨੀ ਚੜ੍ਹ ਗਏ ਹਨ। ਜਿਨ੍ਹਾਂ ਚੀਜ਼ਾਂ ਦੇ ਭਾਅ 'ਚ ਤੇਜ਼ੀ ਆਈ ਹੈ ਉਨ੍ਹਾਂ 'ਚ ਫਲ ਤੇ ਸਬਜ਼ੀਆਂ ਮੁੱਖ ਹਨ। ਸਬਜ਼ੀ ਮੰਡੀ ਅੱਜ ਐਤਵਾਰ ਕਾਰਨ ਵੀ ਬੰਦ ਸੀ ਪਰ ਸ਼ਨੀਵਾਰ ਨੂੰ ਇਸ ਦੀ ਆਮਦ ਮੰਡੀ 'ਚ ਬਹੁਤ ਘੱਟ ਹੋਈ ਸੀ। ਮੰਡੀ 'ਚ ਕੰਮ ਕਰਦੇ ਆੜ੍ਹਤੀਆਂ ਦਾ ਮੰਨਣਾ ਸੀ ਕਿ ਡਰ ਕਾਰਨ ਪੈਦਾ ਹੋਏ ਮਾਹੌਲ ਤੋਂ ਸਬਜ਼ੀ ਮੰਡੀ 'ਚ ਆਪਣਾ ਸਾਮਾਨ ਵੇਚਣ ਵਾਲਿਆਂ ਨੇ ਗੁਰੇਜ ਕੀਤਾ ਹੈ। ਦੋ ਦਿਨਾਂ ਤੋਂ ਸੜਕ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਸਬਜ਼ੀਆਂ ਤੇ ਫਲਾਂ ਦੇ ਭਾਅ ਆਸਮਾਨ ਛੂਹਣ ਲੱਗ ਪਏ ਹਨ। 
ਮੰਡੀ 'ਚ ਵੀ ਤਾਜ਼ੀਆਂ ਸਬਜ਼ੀਆਂ ਤੇ ਫਲ ਘੱਟ ਆਉਣ ਕਰਕੇ ਰੇਹੜੀਆਂ 'ਤੇ ਪਰਚੂਨ ਦੁਕਾਨਦਾਰ ਮਨਮਾਨੇ ਰੇਟ ਵਸੂਲ ਰਹੇ ਹਨ। ਟਮਾਟਰ ਜੋ ਪਿਛਲੇ ਦਿਨਾਂ 'ਚ ਘੱਟ ਕੇ 50 ਤੋਂ 60 ਰੁਪਏ ਕਿਲੋ 'ਤੇ ਪਹੁੰਚ ਗਿਆ ਸੀ, ਹੁਣ 80 ਤੋਂ 90 ਰੁਪਏ ਕਿਲੋ ਤਕ ਪਹੁੰਚ ਗਿਆ ਹੈ। ਘੀਆ, ਭਿੰਡੀ, ਤੋਰੀ, ਬੈਂਗਣ ਜੋ ਪਹਿਲਾਂ 20 ਰੁਪਏ ਦੇ ਕਰੀਬ ਵਿਕ ਰਿਹਾ ਸੀ, ਉਸ ਦੇ ਰੇਟ ਵੀ ਵੱਧ ਕੇ 40 ਰੁਪਏ ਤੱਕ ਪਹੁੰਚ ਗਿਆ ਹੈ। ਗੋਭੀ, ਫਲੀਆਂ, ਸ਼ਿਮਲਾ ਮਿਰਚ ਆਦਿ ਦਾ ਰੇਟ ਵੀ 60 ਰੁਪਏ ਤੋਂ 70 ਰੁਪਏ ਕਿਲੋ ਪਹੁੰਚ ਗਿਆ ਸੀ। 
ਪਰਚੂਨ 'ਚ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰ ਪੱਡੂ, ਡੀ. ਕੇ. ਅਰੋੜਾ, ਐੱਸ. ਕੇ. ਅਰੋੜਾ, ਜੱਗਾ ਆਦਿ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਜਲੰਧਰ ਦੀ ਮਕਸੂਦਾਂ ਮੰਡੀ 'ਚੋਂ ਸਬਜ਼ੀਆਂ ਖਰੀਦਣ ਲਈ ਜਾਂਦੇ ਹਨ ਪਰ ਪਿਛਲੇ ਦੋ ਦਿਨਾਂ ਤੋਂ ਬਣੇ ਸਹਿਮ ਦੇ ਮਾਹੌਲ ਕਾਰਨ ਅਸੀਂ ਸਬਜ਼ੀ ਮੰਡੀ 'ਚ ਡਰ ਕਾਰਨ ਸਬਜ਼ੀ ਖਰੀਦਣ ਲਈ ਹੀ ਨਹੀਂ ਗਏ, ਜਿਸ ਕਾਰਨ ਮਾਰਕੀਟ 'ਚ ਸਬਜ਼ੀ ਘੱਟ ਹੋਣ ਕਾਰਨ ਇਸ ਦੇ ਰੇਟ 'ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੰਡੀ 'ਚ ਨਾ ਤਾਂ ਸਬਜ਼ੀ ਹੈ ਤੇ ਨਾ ਹੀ ਫਲ-ਫਰੂਟ ਆ ਰਿਹਾ ਹੈ, ਜਿਸ ਕਾਰਨ ਫਲਾਂ ਦੇ ਰੇਟਾਂ 'ਚ ਕਾਫੀ ਵਾਧਾ ਹੋਇਆ ਹੈ। ਬਾਜ਼ਾਰ ਸਬਜ਼ੀ ਖਰੀਦਣ ਗਈ ਦੋ ਔਰਤਾਂ ਮਮਤਾ, ਅਮਰਦੀਪ ਨੇ ਦੱਸਿਆ ਕਿ ਸਾਰੀਆਂ ਹੀ ਸਬਜ਼ੀਆਂ ਇਕਦਮ ਬਹੁਤ ਮਹਿੰਗੀਆਂ ਹੋ ਗਈਆਂÎ ਹਨ।