ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਹੋ ਸਕਦੈ ਦੂਜਾ ਟਰਾਇਲ, ਯਾਤਰੀਆਂ ਨੂੰ ਕਰਨਾ ਪਵੇਗਾ ਇੰਤਜ਼ਾਰ

07/27/2019 5:33:59 PM

ਲੁਧਿਆਣਾ (ਗੌਤਮ) : ਰੇਲ ਮੰਤਰਾਲਾ ਵੱਲੋਂ ਨਵੀਂ ਦਿੱਲੀ ਕੱਟੜਾ ਵਿਚਕਾਰ ਚੱਲਣ ਵਾਲੀ ਦੂਜੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚਲਾਉਣ ਤੋਂ ਪਹਿਲਾਂ ਦੂਜਾ ਟ੍ਰਾਇਲ ਵੀ ਹੋ ਸਕਦਾ ਹੈ। ਰੇਲ ਡਿਪਾਰਟਮੈਂਟ ਵੱਲੋਂ ਪਹਿਲਾ ਟਰਾਇਲ ਸਫਲ ਰਹਿਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਦੌਰਾਨ ਟਰੇਨ ਨੇ ਨਵੀਂ ਦਿੱਲੀ ਤੋਂ ਕੱਟੜਾ ਤੱਕ 8 ਘੰਟੇ 'ਚ 655 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਜਲੰਧਰ ਕੈਂਟ-ਕੱਟੜਾ ਵਿਚਕਾਰ ਦੇ ਟਰੈਕ 'ਤੇ ਕੁਝ ਖਾਮੀਆਂ ਦੇਖਣ ਨੂੰ ਮਿਲੀਆਂ ਸਨ, ਜਿਨ੍ਹਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਫਿਰ ਕਮਿਸ਼ਨਰ ਰੇਲਵੇ ਸੇਫਟੀ ਦੀ ਮਨਜ਼ੂਰੀ ਤੋਂ ਬਾਅਦ ਹੀ ਯਾਤਰੀ ਇਸ ਹਾਈ ਸਪੀਡ ਟਰੇਨ 'ਚ ਸਫ਼ਰ ਕਰ ਸਕਣਗੇ। ਯਾਤਰੀਆਂ ਨੂੰ ਇਸ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਟਰੇਨ ਹਫਤੇ 'ਚ ਸਿਰਫ 5 ਦਿਨ ਲਈ ਦੌੜੇਗੀ ਅਤੇ ਕਿਰਾਇਆ ਸ਼ਤਾਬਦੀ ਐਕਸਪ੍ਰੈੱਸ ਤੋਂ ਜ਼ਿਆਦਾ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਟਰੇਨ 15 ਅਗਸਤ ਨੂੰ ਨਹੀਂ ਚੱਲਦੀ ਤਾਂ ਰੇਲ ਮੰਤਰਾਲਾ ਵੱਲੋਂ ਦੀਵਾਲੀ ਨੂੰ ਇਸੇ ਨੂੰ ਤੋਹਫੇ ਦੇ ਰੂਪ 'ਚ ਦਿੱਤਾ ਜਾਵੇਗਾ।

ਟਰਾਇਲ ਦੌਰਾਨ ਨਵੀਂ ਦਿੱਲੀ ਮੁੱਖ ਦਫਤਰ 'ਚ ਲਗਭਗ 150 ਰੇਲਵੇ ਅਫਸਰਾਂ ਦੀਆਂ ਵੱਖ-ਵੱਖ ਟੀਮਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਟਰਾਇਲ 'ਤੇ ਨਜ਼ਰ ਰੱਖੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਕੈਂਟ ਤੋਂ ਬਾਅਦ ਕੱਟੜਾ ਤੱਕ ਟਰੈਕ 'ਤੇ ਕੁਝ ਖਾਮੀਆਂ ਪੇਸ਼ ਆਈਆਂ, ਜਿਸ ਵਿਚ ਟਰੈਕ ਦੀ ਢਲਾਣ, ਮੋੜ, ਟਰੈਕ ਬਦਲਣ ਦੇ ਪੁਆਇੰਟ ਅਤੇ ਰੇਲਵੇ ਕਰਾਸਿੰਗ ਆਦਿ ਸਨ, ਜਿਸ ਵਿਚ ਬਦਲਾਅ ਕਰਨ ਦੇ ਨਾਲ ਸੁਧਾਰ ਕੀਤਾ ਜਾਵੇਗਾ। ਜੰਮੂ ਅਤੇ ਲੁਧਿਆਣਾ ਸਟੇਸ਼ਨ 'ਤੇ ਟਰੇਨ ਦੇ ਦਰਵਾਜ਼ੇ ਬੰਦ ਨਾ ਹੋਣ ਕਾਰਣ ਲਗਭਗ 4-4 ਮਿੰਟ ਲੇਟ ਹੋਈ ਕਿਉਂਕਿ ਹਾਈ ਸਪੀਡ ਟਰੇਨ ਤਦ ਤੱਕ ਨਹੀਂ ਚੱਲਦੀ ਜਦ ਤੱਕ ਉਸ ਦੇ ਦਰਵਾਜ਼ੇ ਬੰਦ ਨਹੀਂ ਹੁੰਦੇ।

ਬਿਨਾਂ ਇੰਜਣ ਅਤੇ ਬਿਜਲੀ ਵਾਲੀ ਸੈਮੀ ਹਾਈ ਸਪੀਡ ਟਰੇਨ ਵਿਚ 16 ਡੱਬੇ, ਜਿਸ ਵਿਚ 78 ਸੀਟਾਂ ਵਾਲੇ 14 ਚੇਅਰ ਕਾਰ ਦੇ ਡੱਬੇ ਅਤੇ 2 ਐਗਜ਼ੈਕਟਿਵ ਕਲਾਸ ਦੇ ਡੱਬੇ ਹਨ।

 

Anuradha

This news is Content Editor Anuradha