ਮਨਰੇਗਾ ਤਹਿਤ ਕੀਤੇ ਕੰਮ ਦੇ ਪੈਸੇ ਮਜ਼ਦੂਰਾਂ ਦੀ ਬਜਾਏ ਕਿਸਾਨਾਂ ਦੇ ਖਾਤਿਆਂ ''ਚ ਪਾਉਣ ਦੇ ਲੱਗੇ ਦੋਸ਼

10/31/2020 11:48:16 AM

ਵਲਟੋਹਾ (ਗੁਰਮੀਤ): ਸਰਹੱਦੀ ਪਿੰਡ ਲਾਖਣਾ ਵਿਖੇ ਮਨਰੇਗਾ ਸਕੀਮ 'ਚ ਮਜ਼ਦੂਰਾਂ ਦੀ ਬਜਾਏ ਜਨਰਲ ਕੈਟਾਗਿਰੀ ਨਾਲ ਸਬੰਧਤ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਸਬੰਧੀ ਘਪਲੇਬਾਜ਼ੀ ਕਰਨ ਦੇ ਦੋਸ਼ ਲਗਾਉਂਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਉੱਚ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਕਾਮਰੇਡ ਲਾਜਰ ਲਾਖਣਾ ਨੇ ਦੱਸਿਆ ਕਿ ਬਲਾਕ ਵਲਟੋਹਾ 'ਚ ਵੱਡੇ ਪੱਧਰ 'ਤੇ ਘਪਲੇ ਕੀਤੇ ਜਾ ਰਹੇ ਹਨ। ਇਸ ਦੀ ਮਿਸਾਲ ਪਿੰਡ ਲਾਖਣਾ ਤੋਂ ਮਿਲਦੀ ਹੈ, ਜਿੱਥੇ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਕੀਤੇ ਕੰਮ ਦੇ ਪੈਸੇ ਦੇਣ ਦੀ ਬਜਾਏ ਕਿਸਾਨਾਂ ਦੇ ਖਾਤਿਆਂ 'ਚ 10 ਤੋਂ 15 ਹਜ਼ਾਰ ਰੁਪਏ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਜਿੰਨਾਂ ਸਖ਼ਤ ਮਿਹਨਤ ਨਾਲ ਆਪਣੇ ਲਈ ਰੋਟੀ ਕਮਾਈ ਸੀ ਉਸ ਨੂੰ ਖੋਹਦਿਆਂ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ ਜੋ ਕਿ ਮਜ਼ਦੂਰ ਜਮਾਤ ਨਾਲ ਸਰਾਸਰ ਧੱਕਾ ਹੈ। ਉਨਾਂ ਦੋਸ਼ ਲਗਾਇਆ ਕਿ ਬੀ.ਡੀ.ਪੀ.ਓ. ਵਲਟੋਹਾ ਪਿੰਡ ਦੇ ਸਰਪੰਚ ਨਾਲ ਮਿਲੀ ਭੁਗਤ ਕਰਕੇ ਮਜ਼ਦੂਰਾਂ ਦੇ ਪੈਸੇ ਜਨਰਲ ਕੈਟਾਗਿਰੀ ਨਾਲ ਸਬੰਧਤ ਕਿਸਾਨਾਂ ਦੇ ਖਾਤਿਆਂ 'ਚ ਪਵਾ ਰਿਹਾ ਹੈ। ਇਸ ਸਬੰਧੀ ਅਸੀਂ ਐੱਸ.ਡੀ.ਐੱਮ. ਪੱਟੀ ਅਤੇ ਡੀ.ਡੀ.ਪੀ.ਓ. ਤਰਨਤਾਰਨ ਨੂੰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਵੀ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰ ਤਰਨਤਾਰਨ ਤੋਂ ਮੰਗ ਕੀਤੀ ਕਿ ਇਸ ਘਪਲੇਬਾਜ਼ੀ ਦੀ ਨਿਰਪੱਖ ਜਾਂਚ ਕਰਵਾ ਕੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਇਹ ਵੀ ਪੜ੍ਹੋ : ਕਰਾਸ ਕੇਸ ਰੱਦ ਨਾ ਕੀਤਾ ਤਾਂ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ : ਭਾਈ ਲੌਂਗੋਵਾਲ

ਬੀ.ਡੀ.ਪੀ.ਓ. ਨੇ ਕੱਟਿਆ ਫ਼ੋਨ
ਇਸ ਸਬੰਧੀ ਜਦੋਂ ਬੀ.ਡੀ.ਪੀ.ਓ. ਲਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਤੁਸੀਂ ਸਰਪੰਚ ਨਾਲ ਗੱਲ ਕਰ ਲਵੋ। ਦੂਜੇ ਪਾਸੇ ਇਸ ਸਬੰਧੀ ਗ੍ਰਾਮ ਰੋਜ਼ਗਾਰ ਸਹਾਇਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੀ ਉਚਿੱਤ ਜਵਾਬ ਦੇਣ ਦੀ ਬਜਾਏ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗਾ ਕਹਿੰਦਿਆਂ ਫੋਨ ਕੱਟ ਦਿੱਤਾ। 

ਇਹ ਵੀ ਪੜ੍ਹੋ :ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ

Baljeet Kaur

This news is Content Editor Baljeet Kaur