ਸਹੁਰੇ ਪਰਿਵਾਰ ਤੋਂ ਪਰੇਸ਼ਾਨ ਵਿਆਹੁਤਾ ਨੇ ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

11/05/2019 1:59:22 PM

ਵਲਟੋਹਾ (ਬਲਜੀਤ ਸਿੰਘ) : ਸਹੁਰੇ ਪਰਿਵਾਰ ਤੋਂ ਸਤਾਈ ਵਿਆਹੁਤਾ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਮੰਗ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਗੁਰਮੀਤ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਿੰਡ ਘਰਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ 21 ਫਰਵਰੀ 2016 ਨੂੰ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਜੱਲੇ ਵਾਲਾ ਤਹਿਸੀਲ ਜ਼ੀਰਾ ਦੇ ਵਿਅਕਤੀ ਜੋ ਫੌਜ 'ਚ ਨੌਕਰੀ ਕਰਦਾ ਹੈ, ਦੇ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਮਾਤਾ ਪਿਤਾ ਨੇ ਵਿਆਹ ਦੌਰਾਨ ਆਪਣੀ ਹੈਸੀਅਤ ਤੋਂ ਵੱਧ ਉਸ ਨੂੰ ਦਾਜ ਵੀ ਦਿੱਤਾ ਪਰ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਸਹੁਰਾ ਪਰਿਵਾਰ ਮੇਹਣੇ ਦੇਣ ਲੱਗਾ ਕਿ ਤੇਰੇ ਮਾਪਿਆਂ ਨੇ ਦਾਜ ਘੱਟ ਦਿੱਤਾ ਹੈ ਤੇ ਘੱਟ ਦਾਜ ਲਿਆਉਣ ਦਾ ਬਹਾਨਾ ਬਣਾ ਕੇ ਮੇਰੀ ਕੁੱਟਮਾਰ ਕਰਦਿਆਂ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਮੇਰੇ ਪੇਕਿਆਂ ਨੇ ਆਪਣੇ ਨਾਲ ਕੁਝ ਮੋਹਤਵਾਰ ਵਿਅਕਤੀਆਂ ਨੂੰ ਲਿਆਏ ਅਤੇ ਉਸ ਨੂੰ ਫਿਰ ਤੋਂ ਸਹੁਰਿਆਂ ਘਰ ਛੱਡ ਆਏ। 

ਉਸ ਨੇ ਦੱਸਿਆ ਕਿ ਇਸੇ ਦੌਰਾਨ ਮੇਰੇ ਘਰ ਇਕ ਲੜਕੀ ਨੇ ਜਨਮ ਲਿਆ ਤਾਂ ਜਿਸ ਤੋਂ ਬਾਅਦ ਲੜਕੀ ਹੋਣ ਕਰਕੇ ਉਹ ਮੈਨੂੰ ਫਿਰ ਤੋਂ ਮੇਹਣੇ ਦਿੰਦੇ ਅਤੇ ਕੁੱਟਮਾਰ ਕਰਕੇ ਮੈਨੂੰ ਮੇਰੇ ਪੇਕੇ ਪਿੰਡ ਘਰਿਆਲਾ ਛੱਡ ਗਏ। ਕੁਝ ਮਹੀਨੇ ਬਾਅਦ ਮੇਰੇ ਪਤੀ ਨੇ ਜਾ ਕੇ ਕੋਰਟ 'ਚ ਤਲਾਕ ਦਾ ਕੇਸ ਪਾ ਦਿੱਤਾ ਤਾਂ ਮੈਂ ਇਸ ਦਾ ਵਿਰੋਧ ਕਰਦੀ ਰਹੀ ਅਤੇ ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨੇ ਮੈਨੂੰ ਤਲਾਕ ਦਿੱਤੇ ਤੋਂ ਬਗੈਰ ਹੀ ਦੂਜਾ ਵਿਆਹ ਕਰਵਾ ਲਿਆ ਹੈ, ਜਿਸ ਦੀ ਮੈਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਚਿਰ ਬਾਅਦ ਹੀ ਮੈਨੂੰ ਪਤਾ ਚੱਲਿਆ ਕਿ ਮੇਰੇ ਪਤੀ ਨਾਲ ਰਹਿਣ ਦੀ ਦੂਸਰੀ ਔਰਤ ਦੇ ਘਰ ਲੜਕਾ ਹੋਇਆ ਹੈ। ਅਸੀਂ ਉਸ ਲੜਕੇ ਦਾ ਜਨਮ ਸਰਟੀਫਿਕੇਟ ਕਢਵਾਇਆ ਤਾਂ ਉਸ 'ਤੇ ਮੇਰੇ ਪਤੀ ਦਾ ਨਾਮ ਲਿਖਿਆ ਹੋਇਆ ਸੀ, ਜਿਸ ਤੋਂ ਬਾਅਦ ਅਸੀਂ ਲਿਖਤੀ ਸ਼ਿਕਾਇਤ ਤਰਨਤਾਰਨ ਵਿਖੇ ਐੱਸ.ਐੱਸ.ਪੀ ਸਾਹਿਬ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਪਾਰਟੀਆਂ ਨੂੰ ਸੱਦਿਆ ਗਿਆ ਅਤੇ ਮੇਰੇ ਪਤੀ ਨੇ ਡੀ.ਐੱਸ.ਪੀ ਸਾਹਿਬ ਦੇ ਸਾਹਮਣੇ ਮੰਨਿਆ ਕਿ ਉਸ ਗੁਰਮੀਤ ਕੌਰ ਨੂੰ ਤਲਾਕ ਦਿੱਤੇ ਬਗੈਰ ਹੀ ਦੂਜਾ ਵਿਆਹ ਕਰਵਾ ਲਿਆ ਹੈ ਪਰ ਫਿਰ ਵੀ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਵਲੋਂ ਦਿੱਤੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪੀੜਤ ਔਰਤ ਗੁਰਮੀਤ ਕੌਰ ਨੇ ਪੰਜਾਬ ਸਰਕਾਰ ਅਤੇ ਮਹਿਲਾ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਸ ਨੂੰ ਉਸ ਦਾ ਬਣਦਾ ਹੱਕ ਦਿਵਾਇਆ ਜਾਵੇ ਅਤੇ ਸਹੁਰੇ ਪਰਿਵਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਉਧਰ ਜਦ ਇਸ ਸਬੰਧੀ ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਤਰਨਤਾਰਨ ਪ੍ਰਵੇਸ਼ ਚੋਪੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਮੀਤ ਕੌਰ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਆਹਮੋ-ਸਾਹਮਣੇ ਬਿਠਾਇਆ ਸੀ ਅਤੇ ਉਨ੍ਹਾਂ ਦੇ ਬਿਆਨ ਦਰਜ ਕਰ ਉਸ ਦੀ ਰਿਪੋਰਟ ਬਣਾ ਕੇ ਐੱਸ.ਐੱਸ.ਪੀ. ਤਰਨਤਾਰਨ ਨੂੰ ਭੇਜ ਦਿੱਤੀ ਗਈ ਹੈ।

Baljeet Kaur

This news is Content Editor Baljeet Kaur