ਸਾਥੀ ਨਾਲ ਹਮੇਸ਼ਾ ਸੱਚਾ ਤੇ ਈਮਾਨਦਾਰ ਹੋਣ ਦਾ ਕਰੋ ਵਾਅਦਾ

02/11/2018 12:14:24 AM

ਵੈਲੇਨਟਾਈਨ ਵੀਕ ਦਾ ਅੱਜ 5ਵਾਂ ਦਿਨ : ਪ੍ਰੋਮਿਸ ਡੇ
ਜਲਾਲਾਬਾਦ(ਗੋਇਲ)—ਵੈਲੇਨਟਾਈਨ ਵੀਕ ਦਾ 5ਵਾਂ ਦਿਨ ਪ੍ਰੋਮਿਸ ਡੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਐਤਵਾਰ ਨੂੰ ਮਨਾਏ ਜਾਣ ਵਾਲੇ ਇਸ ਦਿਨ 'ਤੇ ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰ ਕੇ ਆਪਣੇ ਪਿਆਰ ਨੂੰ ਹੋਰ ਗਹਿਰਾ ਤੇ ਵਿਸ਼ਵਾਸ ਯੋਗ ਬਣਾ ਸਕਦੇ ਹੋ।
ਪ੍ਰੋਮਿਸ ਡੇ ਦਾ ਮਹੱਤਵ
ਹਮੇਸ਼ਾ ਲਈ ਪਿਆਰ ਦੀ ਪ੍ਰਵਾਹ, ਧਿਆਨ ਅਤੇ ਵਾਅਦੇ ਦੀ ਲੋੜ ਹੁੰਦੀ ਹੈ। ਪ੍ਰੋਮਿਸ ਡੇ ਇਸੇ ਲਈ ਮਨਾਇਆ ਜਾਂਦਾ ਹੈ ਕਿ ਪਿਆਰ ਕਰਨ ਵਾਲੇ ਜੋੜੇ ਇਕ-ਦੂਜੇ ਨਾਲ ਸੱਚੇ ਅਤੇ ਹਮੇਸ਼ਾ ਪਿਆਰ ਅਤੇ ਲਗਾਵ ਦਾ ਵਾਅਦਾ ਕਰਨ। ਇਹ ਜੋੜਿਆਂ ਦੇ ਜੀਵਨ ਵਿਚ ਸੰਤੋਸ਼ ਅਤੇ ਨਵਾਂਪਨ ਲਿਆਉਂਦਾ ਹੈ। ਜੋੜਿਆਂ ਨੂੰ ਆਪਣੇ ਪਿਆਰ ਲਈ ਹੋਰ ਜ਼ਿਆਦਾ ਜ਼ਿੰਮੇਵਾਰ ਅਤੇ ਪਿਆਰ ਵਾਲਾ ਬਣਾਉਂਦਾ ਹੈ।
ਹਰ ਕਿਸੇ ਲਈ ਖਾਸ
ਪ੍ਰੋਮਿਸ ਡੇ ਸਿਰਫ ਪ੍ਰੇਮੀ-ਪ੍ਰੇਮਿਕਾ ਜਾਂ ਪਤੀ-ਪਤਨੀ ਲਈ ਨਹੀਂ ਹੈ ਸਗੋਂ ਹਰ ਵਰਗ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਦਿਨ ਤੁਸੀਂ ਆਪਣੇ ਮਾਪਿਆਂ ਨੂੰ ਉਨ੍ਹਾਂ ਪ੍ਰਤੀ ਈਮਾਨਦਾਰ ਰਹਿਣ ਦਾ ਵਾਅਦਾ ਕਰ ਸਕਦੇ ਹੋ। ਤੁਸੀਂ ਆਪਣੇ ਭਰਾ, ਭੈਣ, ਇਕ ਵਿਦਿਆਰਥੀ ਆਪਣੇ ਅਧਿਆਪਕ ਨਾਲ ਵਾਅਦਾ ਕਰ ਸਕਦਾ ਹੈ। ਤੁਸੀਂ ਆਪਣੀ ਕੋਈ ਵੀ ਗਲਤ ਆਦਤ ਛੱਡਣ ਦਾ ਵਾਅਦਾ ਕਰ ਸਕਦੇ ਹੋ।
ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ
ਪ੍ਰੋਮਿਸ ਡੇ ਦਿਲਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਾਲਾ ਦਿਨ ਹੈ। ਇਸ ਦਿਨ ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰ ਕੇ ਉਸ ਦੇ ਦਿਲ ਵਿਚ ਆਪਣੇ ਥਾਂ ਨੂੰ ਹੋਰ ਵਧੀਆ ਅਤੇ ਮਜ਼ਬੂਤ ਕਰ ਸਕਦੇ ਹੋ। ਯਤਨ ਕਰੋ ਕਿ ਅੱਜ ਆਪਣੇ ਦਿਲ ਦੀ ਹਰ ਗੱਲ ਦੱਸੋ ਤਾਂ ਕਿ ਤੁਹਾਡਾ ਅਤੇ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਪਿਆਰਾ, ਮਜ਼ਬੂਤ ਅਤੇ ਵਿਸ਼ਵਾਸ ਵਾਲਾ ਹੋ ਜਾਵੇ।
ਝੂਠਾ ਵਾਅਦਾ ਨਾ ਕਰੋ
ਤੁਸੀਂ ਸਿਰਫ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਕੋਈ ਝੂਠਾ ਵਾਅਦਾ ਨਾ ਕਰੋ, ਸਗੋਂ ਇਸ ਵਾਰ ਤੁਸੀਂ ਕੁਝ ਅਜਿਹੇ ਵਾਅਦੇ ਕਰੋ ਕਿ ਜਿਸ ਨਾਲ ਤੁਹਾਡਾ ਸਾਥੀ ਵੀ ਖੁਸ਼ ਹੋਵੇ ਅਤੇ ਤੁਹਾਨੂੰ ਵੀ ਆਪਣੇ ਵਾਅਦੇ ਨਿਭਾਉਣ ਵਿਚ ਕੋਈ ਮੁਸ਼ਕਲ ਨਾ ਹੋਵੇ। ਵਾਅਦੇ ਕਰਨ ਅਤੇ ਨਿਭਾਉਣ ਵਿਚ ਬਹੁਤ ਫਰਕ ਹੁੰਦਾ ਹੈ ਪਰ ਤੁਸੀਂ ਹਮੇਸ਼ਾ ਈਮਾਨਦਾਰ ਰਹੋ ਕਿਉਂਕਿ ਜਦ ਦਿਲ ਟੁੱਟਦਾ ਹੈ ਤਾਂ ਬਹੁਤ ਦੁੱਖ ਹੁੰਦਾ ਹੈ।
ਸਾਥੀ ਨਾਲ ਕਰੋ ਇਹ ਵਾਅਦੇ
ਜੇਕਰ ਤੁਹਾਨੂੰ ਲੱਗਣ ਲੱਗਾ ਹੈ ਕਿ ਤੁਹਾਨੂੰ ਪਾਰਟਨਰ ਵਿਚ ਆਪਣਾ ਇਕ ਜੀਵਨ ਸਾਥੀ ਮਿਲ ਗਿਆ ਹੈ ਤਾਂ ਹਮੇਸ਼ਾ ਉਸ ਨਾਲ ਰਹਿਣ ਦਾ ਵਾਅਦਾ ਕਰੋ।
* ਜੇਕਰ ਤੁਸੀਂ ਆਪਣੇ ਸਾਥੀ ਨੂੰ ਮਿਲਣ ਲਈ ਹਮੇਸ਼ਾ ਲੇਟ ਪੁੱਜਦੇ ਹੋ ਤਾਂ ਅੱਜ ਸਾਥੀ ਨਾਲ ਵਾਅਦਾ ਕਰੋ ਕਿ ਤੁਸੀਂ ਹੁਣ ਕਦੇ ਵੀ ਉਨ੍ਹਾਂ ਨੂੰ ਉਡੀਕ ਨਹੀਂ ਕਰਾਵੋਗੇ।
* ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਗੇ ਅਤੇ ਬਾਕੀ ਚੀਜ਼ਾਂ ਤੋਂ ਜ਼ਿਆਦਾ ਉਨ੍ਹਾਂ ਨੂੰ ਪਹਿਲ ਦੇਵੋਗੇ।
* ਆਪਣੇ ਸਾਥੀ ਨਾਲ ਝੂਠ ਬੋਲਣ ਦੀ ਆਦਤ ਛੱਡਣ ਅਤੇ ਹਰ ਗੱਲ ਨੂੰ ਸ਼ੇਅਰ ਕਰਨ ਦਾ ਵਾਅਦਾ ਕਰੋ।
* ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਉਹ ਤੁਹਾਡੇ 'ਤੇ ਹਮੇਸ਼ਾ ਵਿਸ਼ਵਾਸ ਬਣਾਈ ਰੱਖੇ, ਤੁਸੀਂ ਉਸ ਨੂੰ ਕਦੇ ਵੀ ਧੋਖਾ ਨਹੀਂ ਦੇਵੋਗੇ।
* ਤੁਸੀਂ ਆਪਣੇ ਪਾਰਟਨਰ ਨੂੰ ਹਮੇਸ਼ਾ ਇਮੋਸ਼ਨਲ ਸਪੋਰਟ ਦੇਣ ਦਾ ਵਾਅਦਾ ਕਰੋ ਅਤੇ ਕਹੋ ਕਿ ਚੰਗੇ ਤੇ ਮਾੜੇ ਹਾਲਾਤ ਵਿਚ ਹਮੇਸ਼ਾ ਉਸ ਦੇ ਨਾਲ ਰਹੋਗੇ।
* ਸਾਥੀ ਨਾਲ ਵਾਅਦਾ ਕਰੋ ਕਿ ਕੁਝ ਵੀ ਹੋ ਜਾਵੇ ਤੁਸੀਂ ਆਪਣੇ ਸਾਥੀ ਨੂੰ ਇਕੱਲਾ ਨਹੀਂ ਛੱਡੋਗੇ।
* ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਤੁਹਾਡੇ ਦੋਵਾਂ ਵਿਚ ਕਿਸੇ ਤੀਜੇ ਨੂੰ ਲੈ ਕੇ ਕਦੇ ਵੀ ਲੜਾਈ ਨਹੀਂ ਹੋਵੇਗੀ। ਫਿਰ ਭਾਵੇਂ ਉਹ ਪਰਿਵਾਰ ਹੋਵੇ, ਦੋਸਤ ਹੋਵੇ ਜਾਂ ਫਿਰ ਦਫਤਰ ਹੋਵੇ।