ਅੱਜ ਤੋਂ ਸ਼ੁਰੂ ਹੋਵੇਗਾ ਵੈਲੇਨਟਾਈਨ ਵੀਕ

02/07/2018 1:54:05 AM

ਜਲਾਲਾਬਾਦ(ਗੋਇਲ)—ਫਰਵਰੀ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ ਵੈਲੇਨਟਾਈਨ ਡੇ ਦੀ ਉਡੀਕ। 14 ਫਰਵਰੀ ਨੂੰ ਵੈਲੇਨਟਾਈਨ ਡੇ ਤੋਂ ਪਹਿਲਾਂ 7 ਫਰਵਰੀ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਉਧਰ ਵੱਖ-ਵੱਖ ਕੰਪਨੀਆਂ ਨੇ ਵੀ ਨੌਜਵਾਨਾਂ ਦੇ ਉਤਸ਼ਾਹ ਨੂੰ ਕੈਸ਼ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਚੋਰੀ-ਚੋਰੀ ਹੋਵੇਗਾ ਇਜ਼ਹਾਰ
ਜਲਾਲਾਬਾਦ ਸਰਹੱਦ 'ਤੇ ਵਸੇ ਹੋਣ ਕਾਰਨ 'ਰਿਜ਼ਰਵ ਸਿਟੀ' ਮੰਨਿਆ ਜਾਂਦਾ ਹੈ ਪਰ ਫਿਰ ਵੀ ਇਥੋਂ ਦੇ ਨੌਜਵਾਨਾਂ ਨੇ ਵੈਲੇਨਟਾਈਨ ਹਫਤੇ ਦੀ ਤਿਆਰੀ ਪੂਰੀ ਕਰ ਲਈ। ਜਲਾਲਾਬਾਦ ਦੇ ਮਾਹੌਲ ਦੇ ਹਿਸਾਬ ਨਾਲ ਚਾਹੇ ਇਥੇ ਉਹ 'ਰੌਣਕ' ਵਿਖਾਈ ਨਾ ਦੇਵੇ ਪਰ ਇਹ ਪੱਕਾ ਜ਼ਰੂਰ ਹੈ ਕਿ ਦੋ ਦਿਲ ਮਿਲਣਗੇ ਅਤੇ ਦੋਵਾਂ ਵਿਚ ਇਜ਼ਹਾਰ ਵੀ ਹੋਵੇਗਾ ਫਿਰ ਉਹ ਭਾਵੇਂ ਚੋਰੀ-ਚੋਰੀ ਹੀ ਕਿਉਂ ਨਾ ਹੋਵੋ।
ਪਿਆਰ ਉਹੀ, ਅੰਦਾਜ਼ ਬਦਲਿਆ
ਅੱਜ ਦੇ ਦੌਰ ਵਿਚ ਚਾਹੇ ਲੋਕ ਇਹ ਮੰਨਦੇ ਹੋਣ ਕਿ ਹੁਣ ਨੌਜਵਾਨਾਂ ਦੇ ਦਿਲਾਂ ਵਿਚ ਉਹ ਪਿਆਰ ਨਹੀਂ ਜੋ ਪਹਿਲਾਂ ਦੇ ਨੌਜਵਾਨਾਂ ਵਿਚ ਹੁੰਦਾ ਸੀ ਪਰ ਅਸਲੀਅਤ ਵਿਚ ਅੱਜ ਦੇ ਨੌਜਵਾਨਾਂ ਵਿਚ ਵੀ ਬਹੁਤ ਪਿਆਰ ਹੈ, ਸਿਰਫ ਇਜ਼ਹਾਰ ਅਤੇ ਅਹਿਸਾਸ ਦਾ ਤਰੀਕਾ ਬਦਲਿਆ ਹੈ। ਅੱਜ ਦੇ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਖੁੱਲ੍ਹ ਕੇ ਕਰਦੇ ਹਨ। ਇਸ ਕਾਰਨ ਨੌਜਵਾਨਾਂ ਦੀ ਜ਼ਿੰਦਗੀ ਵਿਚ ਵੈਲੇਨਟਾਈਨ ਡੇ, ਹੱਗ ਡੇ, ਰੋਜ਼ ਡੇ ਅਤੇ ਫਿਰ ਪ੍ਰੋਮਿਸ ਡੇ ਬਹੁਤ ਹੀ ਮਹੱਤਵ ਰੱਖਣ ਵਾਲਾ ਹੈ।
ਨੌਜਵਾਨਾਂ ਦੀ ਖੂਬ ਯੋਜਨਾ
ਇਨ੍ਹਾਂ ਸਾਰੇ ਦਿਨਾਂ ਨੂੰ ਮਨਾਉਣ ਲਈ ਨੌਜਵਾਨ ਪੀੜ੍ਹੀ ਆਪਣੀ ਯੋਜਨਾ ਬਣਾ ਚੁੱਕੀ ਹੈ। ਹਰ ਕੋਈ ਰੋਮਾਂਟਿਕ ਵੀਕ ਆਪਣੇ ਵੈਲੇਨਟਾਈਨ ਨਾਲ ਮਨਾਉਣਾ ਚਾਹੁੰਦਾ ਹੈ। ਕੋਈ ਮੂਵੀ ਦਾ ਪ੍ਰੋਗਰਾਮ ਬਣਾਉਂਦਾ ਹੈ ਤੇ ਕੋਈ ਸ਼ਾਂਤ ਮਾਹੌਲ ਵਿਚ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਉਥੇ ਹੀ ਕਈ ਲੋਕ ਪਾਰਟੀ ਦਾ ਆਨੰਦ ਮਾਣਦੇ ਹਨ ਅਤੇ ਆਪਣੇ ਸਾਥੀ ਨੂੰ ਤੋਹਫੇ ਆਦਿ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਗਿਫਟਾਂ ਨਾਲ ਸਜੀਆਂ ਦੁਕਾਨਾਂ
ਸ਼ਹਿਰ ਦੀਆਂ ਗੈਲਰੀਆਂ ਅਤੇ ਦੁਕਾਨਾਂ ਵੱਖ-ਵੱਖ ਗਿਫਟਾਂ ਨਾਲ ਸਜ ਗਈਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਗਿਫਟ ਅਤੇ ਕਾਰਡਸ ਮੌਜੂਦ ਹਨ। ਇਕ ਦੁਕਾਨਦਾਰ ਨੇ ਦੱਸਿਆ ਕਿ ਵੈਲੇਨਟਾਈਨ ਲਈ ਕਾਰਡ, ਚਾਕਲੇਟ, ਟੈਡੀ ਬੀਅਰ, ਵਾਲ ਹੈਗਿੰਗ, ਘੜੀ, ਪਰਫਿਊਮ, ਗੋਗਲਸ, ਮੱਗ, ਕੀ ਚੇਨ, ਮੂਰਤੀਆਂ, ਫੋਟੋ ਫਰੇਮ, ਡਾਇਰੀ, ਕੈਲੰਡਰ ਅਤੇ ਕਈ ਹੋਰ ਤਰ੍ਹਾਂ ਦੇ ਗਿਫਟ ਨੌਜਵਾਨਾਂ ਨੂੰ ਪਸੰਦ ਆ ਰਹੇ ਹਨ।