ਗਲੀਆਂ ''ਚ ਮੁੜ ਗੂੰਜਣ ਲੱਗਾ ''ਭਾਂਡੇ ਕਲੀ ਕਰਾ ਲੋ'' ਦਾ ਹੋਕਾ

11/28/2018 3:26:40 PM

ਮਾਨਸਾ/ਭੀਖੀ (ਜੱਸਲ, ਸੰਦੀਪ)—ਇਕ ਸਮਾਂ ਸੀ ਜਦ ਪਿੱਤਲ ਦੇ ਭਾਂਡੇ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦੇ ਸਨ। ਸੁਆਣੀਆਂ ਇਨ੍ਹਾਂ ਭਾਂਡਿਆਂ ਵਿਚ ਹੀ ਸਾਰਾ ਭੋਜਨ ਪਕਾਉਂਦੀਆਂ ਸਨ ਅਤੇ ਇਨ੍ਹਾਂ ਭਾਂਡਿਆਂ ਨੂੰ ਸਮੇਂ-ਸਮੇਂ 'ਤੇ ਕਲੀ ਕਰਵਾਇਆ ਜਾਂਦਾ ਸੀ ਪਰ ਸਮੇਂ ਨੇ ਅਜਿਹੀ ਕਰਵਟ ਲਈ ਕਿ ਇਨ੍ਹਾਂ ਭਾਂਡਿਆਂ ਦੀ ਥਾਂ ਪਲਾਸਟਿਕ, ਸਿਲਵਰ, ਸਟੀਲ ਅਤੇ ਨੌਨ-ਸਟਿੱਕ ਭਾਂਡਿਆਂ ਨੇ ਲੈ ਲਈ। ਜਿਸ ਨਾਲ ਜਿੱਥੇ ਭਾਂਡੇ ਕਲੀ ਕਰਨ ਵਾਲਿਆਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਉੱਥੇ ਲੋਕਾਂ ਦੀ ਸਿਹਤ ਉੱਤੇ ਵੀ ਇਨ੍ਹਾਂ ਭਾਂਡਿਆਂ ਦੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਗਏ। ਜਿਸ ਦੇ  ਕਾਰਨ ਜਿੱਥੇ ਲੋਕਾਂ ਨੇ ਮੁੜ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਉੱਥੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਇਕ ਵਾਰ ਫਿਰ ਤੋਂ 'ਭਾਂਡੇ ਕਲੀ ਕਰਾ ਲੋ' ਦੇ ਹੋਕੇ ਗੂੰਜਣੇ ਸ਼ੁਰੂ ਹੋ ਗਏ ਹਨ ਅਤੇ ਭਾਂਡੇ ਕਲੀ ਕਰਨ ਵਾਲੇ ਕਾਰੀਗਰਾਂ ਦੇ ਚਿਹਰੇ 'ਤੇ ਰੌਣਕ ਵਾਪਸ ਪਰਤੀ ਹੈ।

ਪਿੱਤਲ ਦੇ ਭਾਂਡਿਆਂ 'ਚ ਪਕਾਇਆ ਜਾਣ ਵਾਲਾ ਭੋਜਨ ਫਾਇਦੇਮੰਦ
ਇਸ ਸਬੰਧੀ ਜਦ ਭਾਂਡੇ ਕਲੀ ਕਰਨ  ਵਾਲੇ ਪਿੰਡ ਨੰਗਲ (ਫਤਿਆਬਾਦ) ਵਾਸੀ ਨਿੱਕਾ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਪਿਛਲੇ ਤਕਰੀਬਨ 40 ਵਰ੍ਹਿਆਂ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ ਅਤੇ ਉਸਨੇ ਇਹ ਕਲਾ ਆਪਣੇ ਫੁੱਫੜ ਤੋਂ ਸਿੱਖੀ ਜੋ ਕਿਸੇ ਵੇਲੇ ਪਾਕਿਸਤਾਨ ਵਿਚ ਭਾਂਡੇ ਕਲੀ ਕਰਨ ਦਾ ਕੰਮ ਕਰਦਾ ਸੀ। ਨਿੱਕਾ ਸਿੰਘ ਨੇ ਦੱਸਿਆ ਕਿ ਅਜੋਕੇ ਮਸ਼ੀਨੀ ਯੁੱਗ ਵਿਚ ਨਵੀਆਂ-ਨਵੀਆਂ ਧਾਤਾਂ ਦੇ ਭਾਂਡੇ ਬਾਜ਼ਾਰ ਵਿਚ ਉਪਲੱਬਧ ਹਨ ਜਿਸ ਕਾਰਨ ਇਕ ਵਾਰ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਬੰਦ ਹੋ ਗਿਆ ਸੀ ਪਰ ਇਨ੍ਹਾਂ ਭਾਂਡਿਆਂ ਦੇ ਮਾੜੇ ਪ੍ਰਭਾਵਾਂ ਕਾਰਨ ਇਕ ਵਾਰ ਫਿਰ ਲੋਕਾਂ ਨੇ ਪਿੱਤਲ ਦੇ ਭਾਂਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਉਸਨੇ ਦੱਸਿਆ ਕਿ ਜਦ ਉਸਨੇ ਕੰਮ ਸ਼ੁਰੂ ਕੀਤਾ ਸੀ ਤਾਂ ਭਾਂਡੇ ਕਲੀ ਕਰਨ ਦਾ ਮਿਹਨਤਾਨਾ ਇਕ ਰੁਪਿਆ ਪ੍ਰਤੀ ਭਾਂਡਾ ਲਿਆ ਜਾਂਦਾ ਸੀ ਪਰ ਮਹਿੰਗਾਈ ਦੇ ਇਸ ਦੌਰ ਵਿਚ ਅੱਜ ਪੰਜਾਹ ਤੋਂ ਸੌ ਰੁਪਏ ਪ੍ਰਤੀ ਬਰਤਨ ਕੀਮਤ ਵਸੂਲੀ ਜਾਂਦੀ ਹੈ। ਨਿੱਕਾ ਸਿੰਘ ਨੇ ਦੱਸਿਆ ਕਿ ਪਿੱਤਲ ਦੇ ਭਾਂਡੇ ਨੂੰ ਕਲੀ ਕਰਨ ਵਿਚ ਕਲੀ ਅਤੇ ਨਸ਼ਾਦਰ ਦੋ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਜਿੱਥੇ ਭਾਂਡਾ ਨਿੱਖਰ ਉੱਠਦਾ ਹੈ ਉੱਥੇ ਇਸ ਵਿਚ ਪਕਾਇਆ ਜਾਣ ਵਾਲਾ ਭੋਜਨ ਖਰਾਬ ਨਹੀਂ ਹੁੰਦਾ ਅਤੇ ਸਿਹਤ ਲਈ ਨੁਕਸਾਨਦੇਹ ਨਾ ਹੋ ਕੇ ਸਗੋਂ ਫਾਇਦੇਮੰਦ ਸਾਬਿਤ ਹੁੰਦਾ ਹੈ।  ਪੁਰਾਣੇ ਸਮੇਂ ਵਿਚ ਲੋਕ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ ਜਿਸ ਨਾਲ ਜਿੱਥੇ ਉਹ ਤੰਦਰੁਸਤ ਰਹਿੰਦੇ ਸਨ ਉੱਥੇ ਲੰਮੀ ਜ਼ਿੰਦਗੀ ਜਿਉਂਦੇ ਸਨ ਪਰ ਅਜੋਕੇ ਸਮੇਂ 'ਚ ਉਪਲੱਬਧ ਬਰਤਨਾਂ ਦੀ ਵਰਤੋਂ ਨਾਲ ਮਨੁੱਖ ਅਨੇਕਾਂ ਬੀਮਾਰੀਆਂ ਤੋਂ ਗ੍ਰਸਤ ਅਤੇ ਪ੍ਰੇਸ਼ਾਨ ਹੈ। ਉਹ ਦੂਰ-ਦੂਰ ਤੱਕ ਆਪਣੇ ਕਾਰੋਬਾਰ ਲਈ ਜਾਂਦਾ ਹੈ ਅਤੇ ਉਸਦੇ ਪੱਕੇ ਅਤੇ ਪੁਰਾਣੇ ਗਾਹਕ ਉਸਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

Shyna

This news is Content Editor Shyna