ਨਹੀਂ ਪਤਾ ਸੀ ਅਮਰੀਕਾ ਗਿਆ ਵੀਰ ਇੰਝ ਆਵੇਗਾ ਵਾਪਸ, ਘੋੜੀ ਨਹੀਂ ਅਰਥੀ ''ਤੇ ਚੜ੍ਹ ਹੋਵੇਗਾ ਵਿਦਾ (ਤਸਵੀਰਾਂ)

12/08/2017 11:37:14 PM

ਜਲੰਧਰ (ਸੋਨੂੰ) : ਅਮਰੀਕਾ 'ਚ ਕਤਲ ਕੀਤੇ ਗਏ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਜਲੰਧਰ ਛਾਉਣੀ ਸਥਿਤ ਅਜੀਤ ਨਗਰ ਉਸ ਦੇ ਘਰ ਪਹੁੰਚ ਗਈ। ਇਸ ਮੌਕੇ ਸ਼ਮਸ਼ਾਨਘਾਟ 'ਚ ਸੰਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਗਮਗੀਨ ਮਾਹੌਲ ਵਿਚ ਸੰਦੀਪ ਦੀ ਭੈਣ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲਾੜਾ ਬਣਾ ਕੇ ਅੰਤਿਮ ਵਿਦਾਈ ਦਿੱਤੀ। ਮ੍ਰਿਤਕ ਭਰਾ ਦੇ ਸਿਰ 'ਤੇ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਸੰਦੀਪ ਦੀ ਭੈਣ ਸ਼ਰਨਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਏਗਾ ਕਿ ਉਹ ਆਪਣੇ ਵੀਰ ਨੂੰ ਸਿਹਰਾ ਬੰਨ੍ਹ ਕੇ ਘੋੜੀ 'ਤੇ ਚੜ੍ਹਿਆ ਵੇਖੇਗੀ ਪਰ ਪਤਾ ਨਹੀਂ ਸੀ ਕਿ ਇਹ ਮੌਕੇ ਤਾਂ ਆਏਗਾ ਪਰ ਭਰਾ ਘੋੜੀ ਨਹੀਂ ਚਾਰ ਮੋਢਿਆਂ 'ਤੇ ਹੋਵੇਗਾ।
ਸੰਦੀਪ ਲਗਭਗ ਤਿੰਨ ਸਾਲ ਪਹਿਲਾਂ ਅਮਰੀਕਾ ਦੇ ਮਿੱਸੀਸਿਪੀ 'ਚ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ ਅਤੇ ਉਥੇ ਹੀ ਪੱਕਾ ਹੋ ਗਿਆ। ਜਿੱਥੇ ਇਕ ਪਾਸੇ ਭਰਾ ਕਹਿੰਦਾ ਸੀ ਕਿ ਉਹ ਆਪਣੀ ਭੈਣ ਦਾ ਵਿਆਹ ਇੰਝ ਕਰੇਗਾ ਕਿ ਪੂਰੀ ਦੁਨੀਆ ਦੇਖੇਗੀ, ਉਥੇ ਹੀ ਭੈਣ ਨੂੰ ਵੀ ਚਾਅ ਸੀ ਕਿ ਉਸ ਦੇ ਭਰਾ ਦਾ ਵਿਆਹ ਹੋਵੇਗਾ ਅਤੇ ਉਹ ਆਪਣੇ ਸ਼ੌਕ ਪੂਰੇ ਕਰੇਗੀ। ਸੰਦੀਪ ਨੂੰ ਲਾੜਾ ਸਜਿਆ ਦੇਖ ਹਰ ਕਿਸੇ ਦੀ ਅੱਖ ਨਮ ਸੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਜੋ ਪੁਲਸ ਅਫਸਰ ਹਨ ਨੇ ਸੰਦੀਪ ਨੂੰ ਦੀ ਚਿਤਾ ਨੂੰ ਅਗਨੀ ਵਿਖਾਈ।