ਖਾਦ ਨਾ ਮਿਲਣ ਕਾਰਣ ਕਿਸਾਨਾਂ ’ਚ ਹਾਹਾਕਾਰ, ਰਾਜਸਥਾਨ ਨੂੰ ਕਰ ਰਹੇ ਹਨ ਕੂਚ

11/24/2020 10:09:58 AM

ਸੁਲਤਾਨਪੁਰ ਲੋਧੀ (ਧੀਰ) - ਸੂਬੇ ’ਚ ਕਿਸਾਨ ਅੰਦੋਲਨ ਕਾਰਨ ਕੇਂਦਰ ਤੇ ਆਮ ਵਰਗ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ, ਉੱਥੇ ਇਸ ’ਚ ਸੱਭ ਤੋਂ ਵੱਧ ਨੁਕਸਾਨ ਇਸ ਸਮੇਂ ਕਿਸਾਨ ਦਾ ਹੋ ਰਿਹਾ ਹੈ। ਰੇਲ ਮਾਲ ਗੱਡੀਆਂ ਦੇ ਬੰਦ ਹੋਣ ਕਾਰਣ ਯੂਰੀਆ ਖਾਦ ਦਾ ਸੰਕਟ ਇਸ ਸਮੇਂ ਪੂਰਾ ਕਿਸਾਨਾਂ ਦੇ ਸਿਰ ਚਡ਼੍ਹ ਬੋਲ ਰਿਹਾ ਹੈ। ਕਣਕ ਦੀ ਫਸਲ ਦੀ ਬਿਜਾਈ ਹੋ ਚੁੱਕੀ ਹੈ। ਅਜਿਹੇ ਹਾਲਤ ’ਚ ਕਿਸਾਨ ਨੇ ਫਸਲ ਨੂੰ ਯੂਰੀਆ ਨਾ ਪਾਈ ਤਾਂ ਫਸਲ ਖਰਾਬ ਹੋ ਸਕਦੀ ਹੈ ਤੇ ਦੁਬਾਰਾ ਬਿਜਾਈ ਹੋਣੀ ਸੰਭਵ ਨਹੀਂ ਹੈ ਕਿਉਂਕਿ ਬੀਜਾਈ ਦਾ ਸਮਾਂ ਵੀ ਬੀਤ ਚੁੱਕਾ ਹੈ। ਅਜਿਹੀ ਹਾਲਤ ’ਚ ਕਿਸਾਨ ਬੇਹੱਦ ਦੁਵਿਧਾ ਦੀ ਸਥਿਤੀ ’ਚ ਹੈ।

ਕਿਸਾਨ ਯੂਰੀਆ ਦੀ ਖਾਦ ਵਾਸਤੇ ਰਾਜਸਥਾਨ, ਹਰਿਆਣਾ ਆਦਿ ਜਾ ਰਹੇ ਹਨ। ਆਪਣੇ ਟ੍ਰੈਕਟਰ ਟਰਾਲੀ ਸਾਧਨ ਰਾਹੀਂ ਗੰਗਾਨਗਰ (ਰਾਜਸਥਾਨ) ਤੋਂ ਯੂਰੀਆ ਲੈ ਕੇ ਕਿਸਾਨ ਸ਼ੇਰ ਸਿੰਘ ਮਸੀਤਾਂ ਨੇ ਕਿਹਾ ਕਿ ਪੰਜਾਬ ’ਚ ਰਾਜਸਥਾਨ ਗਏ ਯੂਰੀਆ ਲਈ ਕਿਸਾਨਾਂ ਦਾ ਹਡ਼੍ਹ ਆ ਗਿਆ ਹੈ ਤੇ ਹਾਲਤ ਇੱਥੋਂ ਤਕ ਹੋ ਗਈ ਹੈ ਕਿ ਪੂਰੇ ਗੰਗਾਨਗਰ ਜ਼ਿਲੇ ’ਚ ਯੂਰੀਆ ਖਤਮ ਹੋ ਗਈ ਹੈ ਤੇ ਕਿਸਾਨਾਂ ਵੱਲੋਂ ਐਡਵਾਂਸ ਪੈਸੇ ਦੇਣ ਦੇ ਬਾਵਜੂਦ ਮਹਿੰਗੇ ਭਾਅ ਤੇ ਵੀ ਖਾਦ ਨਹੀਂ ਮਿਲ ਰਹੀ ਹੈ।

ਦੂਜੇ ਪਾਸੇ ਪੰਜਾਬ ’ਚ ਟਰੱਕਾਂ ਰਾਹੀਂ ਕਿਸ਼ਤਾਂ ’ਚ ਆ ਰਹੀ ਖਾਦ ਨੇ ਦੁਕਾਨਦਾਰ ਤੇ ਕਿਸਾਨਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਕੁਝ ਖਾਦ ਡੀਲਰ ਤਾਂ ਜਾਣਬੁੱਝ ਕੇ ਖਾਦ ਨਹੀ ਮੰਗਵਾ ਰਹੇ ਕਿਉਂਕਿ ਘੱਟ ਮਾਤਰਾ ’ਚ ਖਾਦ ਆਉਣ ’ਤੇ ਕਿਸੇ ਵੀ ਕਿਸਾਨ ਦੀ ਪੂਰਤੀ ਨਹੀਂ ਹੁੰਦੀ ਤੇ ਫਿਰ ਕਿਸਾਨ ਲਈ ਅਾਧਾਰ ਕਾਰਡ ਤੇ ਸਿਰਫ 5 ਬੋਰੇ ਦਿੱਤੇ ਜਾ ਰਹੇ ਹਨ ਜਦਕਿ 5 ਬੋਰੇ ਲੈਣ ਤੇ ਕਿਸੇ ਵੀ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ।

ਕਿਸਾਨਾਂ ਦਾ ਕਹਿਣਾ ਹੈ ਕਿ ਅਧਾਰ ਕਾਰਡ ’ਤੇ ਵੀ ਖਾਦ ਡੀਲਰ ਪਹਿਲਾਂ ਸਿਰਫ ਆਪਣੇ ਪੁਰਾਣੇ ਗਾਹਕਾਂ ਨੂੰ ਖਾਦ ਦੇਣ ਦੀ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਨੇ ਰਾਸ਼ਨ ਡਿਪੂਆਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ ਜਦਕਿ ਖਾਦ ਡੀਲਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਖਾਦ ਦੀ ਬਹੁਤ ਘੱਟ ਮਾਤਰਾ ’ਚ ਸਪਲਾਈ ਮਿਲ ਰਹੀ ਹੈ ਅਜਿਹੀ ਹਾਲਤ ’ਚ ਜੋ ਕਿਸਾਨ ਸਾਡੇ ਕੋਲੋਂ ਲੰਮੇ ਸਮੇਂ ਤੋਂ ਖਾਦ ਤੇ ਦਵਾਈ ਲੈ ਰਿਹਾ ਹੈ ਤਾਂ ਸਾਨੂੰ ਮਜਬੂਰਨ ਉਸਨੂੰ ਪਹਿਲ ਦੇਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੇ ਰੇਲ ਪਟਰੀਆਂ ਤੋਂ ਧਰਨੇ ਹਟਾ ਲਏ ਹਨ ਤੇ ਮਾਲ ਗੱਡੀਆਂ ਵੀ ਸ਼ੁਰੂ ਹੋ ਰਹੀਆਂ ਹਨ ਤਾਂ ਆਉਣ ਵਾਲੇ 1 ਜਾਂ 2 ਦਿਨਾਂ ’ਚ ਰੇਲ ਰੈਕ ਰਾਂਹੀ ਖਾਦ ਦੀ ਸਪਲਾਈ ਆ ਗਈ ਤਾਂ ਕਾਫੀ ਹੱਦ ਤਕ ਕਿੱਲਤ ਦੂਰ ਹੋ ਜਾਵੇਗੀ।

rajwinder kaur

This news is Content Editor rajwinder kaur