10ਵੀਂ ਜਮਾਤ ਦੀ ਪ੍ਰੀਖਿਆ ਲਈ ਰੋਲ ਨੰਬਰ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ

03/03/2020 11:58:44 PM

ਮੋਹਾਲੀ, (ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 17 ਮਾਰਚ ਤੋਂ ਕਰਵਾਈਆਂ ਜਾ ਰਹੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗ ਇਨ ਆਈ. ਡੀ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਰੈਗੂਲਰ ਪ੍ਰੀਖਿਆਰਥੀਆਂ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਅਤੇ ਰੀ-ਅਪੀਅਰ ਕੈਟਾਗਰੀਆਂ ਦੇ ਰੋਲ ਨੰਬਰ ਸਬੰਧਤ ਸੰਸਥਾਵਾਂ ਦੀ ਲਾਗ ਇਨ ਆਈ. ਡੀ. ’ਤੇ ਅਪਲੋਡ ਕਰ ਦਿੱਤੇ ਗਏ ਹਨ। ਸ਼੍ਰੀ ਮਹਿਰੋਕ ਨੇ ਕਿਹਾ ਕਿ ਰਾਜ ਦੇ ਸਮੂਹ ਸਕੂਲ ਮੁਖੀ ਆਪਣੇ ਸਕੂਲ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਆਪਣੇ ਸਕੂਲ ਦੀ ਲਾਗ-ਇਨ ਆਈ. ਡੀ. ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਤੇ ਰੀ-ਅਪੀਅਰ ਕੈਟਾਗਰੀਆਂ ਦੇ ਪ੍ਰੀਖਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੋਰਡ ਵਲੋਂ ਵੱਖਰੇ ਤੌਰ ’ਤੇ ਕੋਈ ਵੀ ਰੋਲ ਨੰਬਰ ਸਲਿੱਪ ਡਾਕ ਰਾਹੀਂ ਨਹੀਂ ਭੇਜੀ ਜਾਵੇਗੀ, ਜੇਕਰ ਰੋਲ ਨੰਬਰ ਸਲਿੱਪ ’ਤੇ ਕਿਸੇ ਕਿਸਮ ਦੀ ਕੋਈ ਤਰੁਟੀ ਪਾਈ ਜਾਂਦੀ ਹੈ ਤਾਂ ਸਬੰਧਤ 11 ਮਾਰਚ ਤਕ ਤਰੁਟੀ ਨੂੰ ਦਰੁਸਤ ਕਰਵਾਉਣ ਲਈ ਮੁੱਖ ਦਫ਼ਤਰ ਵਿਖੇ ਸਬੰਧਤ ਸੈਕਸ਼ਨ ਨਾਲ ਸੰਪਰਕ ਕਰ ਸਕਦੇ ਹਨ। ਇਸ ਮਕਸਦ ਲਈ ਮੁੱਖ ਦਫ਼ਤਰ 7 ਅਤੇ 8 ਮਾਰਚ ਨੂੰ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਵੀ ਆਮ ਵਾਂਗ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵਲੋਂ 10ਵੀਂ ਦੀ ਪ੍ਰੀਖਿਆ ਦੇਣ ਸਬੰਧੀ ਫ਼ੀਸ ਜਮ੍ਹਾ ਕਰਵਾਈ ਗਈ ਹੋਵੇ ਪਰ ਉਨ੍ਹਾਂ ਨੂੰ ਰੋਲ ਨੰਬਰ ਪ੍ਰਾਪਤ ਨਹੀਂ ਹੋਇਆ, ਅਜਿਹੇ ਪ੍ਰੀਖਿਆਰਥੀ ਆਪਣੇ ਯੋਗਤਾ ਸਰਟੀਫ਼ਿਕੇਟ ਦੀ ਤਸਦੀਕਸ਼ੁਦਾ ਫ਼ੋਟੋ ਕਾਪੀ, ਦੋ ਫ਼ੋਟੋਆਂ ਅਤੇ ਜਮ੍ਹਾ ਕਰਵਾਈ ਗਈ ਫ਼ੀਸ ਦੀ ਅਸਲ ਰਸੀਦ ਲੈ ਕੇ ਮੁੱਖ ਦਫ਼ਤਰ ਵਿਖੇ ਪ੍ਰੀਖਿਆ ਸ਼ਾਖਾ ਦਸਵੀਂ, ਚੌਥੀ ਮੰਜ਼ਿਲ, ਬਲਾਕ-ਸੀ ਨਾਲ ਸੰਪਰਕ ਕਰਨ।

Bharat Thapa

This news is Content Editor Bharat Thapa