ਆਪ ਵਿਧਾਨ ਸਭਾ ''ਚ ਉਠਾਏਗੀ ਲਾਵਾਰਿਸ ਪਸ਼ੂਆਂ ਦਾ ਮੁੱਦਾ: ਜਗਦੀਪ ਸੰਧੂ

01/17/2018 4:13:49 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਇਕ ਪਾਸੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ 'ਤੇ ਗਊ ਟੈਕਸ ਲੈ ਰਹੀ ਹੈ ਪਰ ਉਨ੍ਹਾਂ ਦਾ ਪੱਕਾ ਹੱਲ ਕਰਨ ਲਈ ਗੰਭੀਰ ਨਹੀਂ। ਜਿਸ ਕਾਰਨ ਇਹ ਲਾਵਾਰਿਸ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਆ ਰਹੇ ਹਨ। ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਜਿਸ ਲਈ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਦੋਸ਼ੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਹੁਣ ਲਾਵਾਰਿਸ ਪਸ਼ੂਆਂ ਦਾ ਆਤੰਕ ਇਸ ਕਦਰ ਵਧ ਚੁੱਕਿਆ ਹੈ ਕਿ ਬਾਹਰ ਸੜਕ 'ਤੇ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਆਏ ਦਿਨ ਕਿਸੇ ਨਾ ਕਿਸੇ ਥਾਂ 'ਤੇ ਪਸ਼ੂਆਂ ਕਾਰਨ ਹਾਦਸਾ ਹੁੰਦਾ ਰਹਿੰਦਾ ਹੈ। ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰ ਨੇ ਪਿਛਲੇ ਸਮੇਂ ਵਿਚ ਗਊਸ਼ਾਲਾ ਬਣਾਈਆਂ ਅਤੇ ਲੋਕਾਂ ਤੋਂ ਪੈਸੇ ਬਿਜਲੀ ਬਿੱਲ 'ਤੇ ਟੈਕਸ ਲਗਾ ਕੇ ਇਕੱਠੇ ਕੀਤੇ ਪਰ ਕੋਈ ਸਾਰਥਿਕ ਹੱਲ ਨਹੀਂ ਹੋ ਸਕਿਆ। ਬਜ਼ਾਰਾਂ 'ਚ ਇੰਨ੍ਹਾਂ ਦਾ ਆਤੰਕ ਲਗਾਤਾਰ ਵਧ ਰਿਹਾ ਹੈ। ਇਹ ਕਿਸੇ ਇਕ ਸ਼ਹਿਰ ਜਾਂ ਪਿੰਡ ਦਾ ਮਸਲਾ ਨਹੀਂ ਬਲਕਿ ਪੂਰੇ ਜ਼ਿਲੇ ਦਾ ਹੈ। ਇਹ ਲੋਕਾਂ ਦੀ ਸਬਜ਼ੀ ਤੱਕ ਇਹ ਖੋਹ ਲੈਂਦੇ ਹਨ। ਕਿਸਾਨਾਂ ਵੱਲੋਂ ਵੱਡੀ ਕੀਮਤ ਭਰ ਕੇ ਠੇਕੇ 'ਤੇ ਜ਼ਮੀਨਾਂ ਲਈਆਂ ਗਈਆਂ ਹਨ ਪਰ ਇਹ ਪਸ਼ੂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਕਿਸਾਨ ਸਰਦੀ ਵਿਚ ਰਾਤਾਂ ਜਾਗ ਕੇ ਫਸਲਾਂ ਦੀ ਰਾਖੀ ਕਰਦੇ ਹਨ। ਸਰਕਾਰ ਤੱਕ ਇਹ ਗੱਲ ਪਹੁੰਚਾਉਣ ਅਤੇ ਇਸ ਦਾ ਹੱਲ ਕਰਵਾਉਣ ਲਈ ਆਮ ਆਦਮੀ ਪਾਰਟੀ ਪਾਰਲੀਮੈਂਟ ਵਿਚ ਐਮਪੀ ਭਗਵੰਤ ਮਾਨ ਅਤੇ ਵਿਧਾਨ ਸਭਾ ਵਿਚ ਸੁਖਪਾਲ ਸਿੰਘ ਖਹਿਰਾ ਦੇ ਮਾਧਿਅਮ ਨਾਲ ਇਸ ਮੁੱਦੇ ਨੂੰ ਉਠਾਏਗੀ ਤਾਂ ਕਿ ਲਾਵਾਰਿਸ ਪਸ਼ੂਆਂ ਦਾ ਪੱਕਾ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਅਜੀਤ ਸਿੰਘ, ਜਗਮੀਤ ਸਿੰਘ ਜੱਗਾ, ਰਿੱਚੀ ਬਰਾੜ, ਗੱਗੂ ਬਰਾੜ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।