ਪੰਜਾਬ ਪਹੁੰਚਿਆ ਮੰਦਸੌਰ ਕਿਸਾਨ ਅੰਦੋਲਨ ਦਾ ਸੇਕ

06/09/2017 12:46:08 PM

ਬਠਿੰਡਾ (ਪਰਮਿੰਦਰ)— ਮੱਧ ਪ੍ਰਦੇਸ਼ 'ਚ ਮੰਦਸੌਰ ਅਤੇ ਹੋਰ ਇਲਾਕਿਆਂ 'ਚ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਗ ਦਾ ਸੇਕ ਪੰਜਾਬ 'ਚ ਵੀ ਪਹੁੰਚ ਗਿਆ ਹੈ। ਵੀਰਵਾਰ ਨੂੰ ਕਿਸਾਨਾਂ ਨੇ ਮੰਦਸੌਰ 'ਚ ਕਿਸਾਨਾਂ 'ਤੇ ਚਲਾਈਆਂ ਗਈਆਂ ਗੋਲੀਆਂ ਦੀ ਘਟਨਾ ਦੇ ਖਿਲਾਫ਼ ਰੋਸ ਮਾਰਚ ਕੀਤਾ। ਭਾਕਿਯੂ (ਏਕਤਾ) ਸਿੱਧੂਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਡੀ. ਸੀ. ਦਫ਼ਤਰ ਦੇ ਸਾਹਮਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੁਤਲਾ ਫੂਕ ਕੇ ਗੁੱਸਾ ਕੱਢਿਆ। ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ 'ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕੋਈ ਵੀ ਸਰਕਾਰ ਕਿਸਾਨੀ ਹਿੱਤਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਗੋਲੀਆ ਜਾਂ ਲਾਠੀਆਂ ਨਾਲ ਨਹੀਂ ਦਬਾ ਸਕਦੀ।
ਮਿੰਨੀ ਸਕੱਤਰੇਤ ਦੇ ਗੇਟ ਸਾਹਮਣੇ ਲਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨ-ਸਕੱਤਰ ਰੇਸ਼ਮ ਸਿੰਘ ਯਾਤਰੀ, ਦਰਸ਼ਨ ਸਿੰਘ ਖੇਮੂਆਣਾ ਆਦਿ ਨੇ ਮੰਦਸੌਰ ਜ਼ਿਲੇ 'ਚ ਪੁਲਸ ਵੱਲੋਂ ਕਿਸਾਨਾਂ 'ਤੇ ਗੋਲੀ ਚਲਾ ਕੇ 6 ਕਿਸਾਨਾਂ ਦੀ ਹੱਤਿਆ ਕਰਨ ਦੀ ਘਟਨਾ ਦੀ ਸਖ਼ਤ ਨਿੰਦਿਆ ਕਰਦੇ ਹੋਏ ਕਿਹਾ ਕਿ ਜਦੋਂ ਵੀ ਕਿਸਾਨ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਹਨ ਤਾਂ ਉਸ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਇਸ ਪ੍ਰਕਾਰ ਬਲ ਦਾ ਪ੍ਰਯੋਗ ਕਰਦੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਕਿਸਾਨਾਂ ਦੇ ਕਰਜ਼ ਮੁਆਫ ਕਰਨ, ਫ਼ਸਲਾਂ ਦਾ ਪੂਰਾ ਮੁੱਲ ਦਿਵਾਉਣ ਲਈ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਸਮੇਤ ਕਈ ਵਾਅਦੇ ਕੀਤੇ ਸਨ ਪਰ ਸੱਤਾ ਵਿਚ ਆਉਂਦੇ ਹੀ ਉਕਤ ਸਾਰੇ ਵਾਅਦਿਆਂ ਨੂੰ ਭੁੱਲ ਗਏ। ਇਸੇ ਪ੍ਰਕਾਰ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੀ ਸੱਤਾ 'ਚ ਆਉਣ ਦੇ ਬਾਅਦ ਕਿਸਾਨਾਂ ਦੀਆਂ ਮੰਗਾਂ 'ਤੇ ਗੌਰ ਨਹੀਂ ਕਰਦੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰਾਂ ਦੇ ਨਾਲ-ਨਾਨ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਅਰਜੁਨ ਸਿੰਘ ਫੂਲ, ਬੋਹੜ ਸਿੰਘ ਝੁੰਬਾ, ਰਣਜੀਤ ਸਿੰਘ ਜੀਂਦਾ, ਭੋਲਾ ਸਿੰਘ, ਗੰਗਾ ਸਿੰਘ ਚੱਠੇਵਾਲਾ, ਕਰਨੈਲ ਸਿੰਘ ਗਿੱਦੜਾਂ, ਅਮਰਜੀਤ ਸਿੰਘ ਯਾਤਰੀ, ਬੇਅੰਤ ਸਿੰਘ ਕੋਟੜਾ, ਸੁਰਜੀਤ ਸਿੰਘ ਸੰਦੋਹਾ, ਬਲਵੰਤ ਸਿੰਘ, ਸਿਕੰਦਰ ਸਿੰਘ ਕੁੱਬੇ ਆਦਿ ਹਾਜ਼ਰ ਸਨ।