ਅਸੀਂ ਯੂਨਾਈਟਿਡ ਇੰਡੀਆ ਦੇ ਹਾਮੀ ਹਾਂ : ਰੂਬੀ ਸਹੋਤਾ

02/23/2018 4:00:18 PM

ਮੁਕੇਰੀਆਂ (ਨਾਗਲਾ) - ਅਸੀਂ ਯੂਨਾਈਟਿਡ ਇੰਡੀਆ ਚਾਹੁੰਦੇ ਹਾਂ। ਕੈਨੇਡਾ ਸਰਕਾਰ ਅਜਿਹੀ ਕਿਸੇ ਤਰ੍ਹਾਂ ਦੀ ਵੀ ਮੂਵਮੈਂਟ ਦਾ ਸਮਰਥਨ ਨਹੀਂ ਕਰਦੀ, ਜਿਹੜੀ ਇੰਡੀਆ ਨੂੰ ਤੋੜਨ ਲਈ ਚਲਾਈ ਜਾ ਰਹੀ ਹੋਵੇ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੀ ਪਾਰਲੀਮਾਨੀ ਮੈਂਬਰ ਰੂਬੀ ਸਹੋਤਾ ਨੇ ਮੁਕੇਰੀਆਂ ਵਿਖੇ ਪੱਤਰਕਾਰਾਂ ਵੱਲੋਂ ਕੈਨੇਡਾ ਦੀ ਧਰਤੀ 'ਤੇ ਚਲਾਈ ਜਾ ਰਹੀ ਖਾਲਿਸਤਾਨੀ ਮੂਵਮੈਂਟ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਇਨਸਾਫ਼ ਲਈ ਕੋਈ ਵੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਨੂੰ ਦੂਜੇ ਦੇਸ਼ਾਂ ਨਾਲੋਂ ਵਪਾਰ ਦੇ ਨਾਲ-ਨਾਲ ਹਰ ਖੇਤਰ ਵਿਚ ਸਭ ਤੋਂ ਵੱਧ ਤਰਜੀਹ ਦਿੰਦੀ ਹੈ। 
ਰੂਬੀ ਸਹੋਤਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਨਾਲ ਗਲਤ-ਫਹਿਮੀਆਂ ਦੂਰ ਹੋਈਆਂ ਹਨ। ਉਨ੍ਹਾਂ ਇਸ ਮੌਕੇ ਖੁਲਾਸਾ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਜਿਥੇ ਵੱਖਰਾ ਸਕੂਨ ਮਿਲਿਆ ਹੈ, ਉਥੇ ਸ਼੍ਰੋਮਣੀ ਕਮੇਟੀ ਵੱਲੋਂ ਜਸਟਿਨ ਟਰੂਡੋ ਦੀ ਫੇਰੀ ਸਬੰਧੀ ਕੀਤੇ ਪ੍ਰਬੰਧ ਸ਼ਲਾਘਾਯੋਗ ਸਨ। ਉਨ੍ਹਾਂ ਇਸ ਮੌਕੇ ਦੋਵੇਂ ਦੇਸ਼ਾਂ 'ਚ ਪਿਆਰ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਧਰਤੀ 'ਤੇ ਭਾਰਤੀ ਵਿਦਿਆਰਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਇੰਡੀਆ ਆਉਣ ਅਤੇ ਇਥੋਂ ਕੁਝ ਸਿੱਖ ਕੇ ਜਾਣ। 
ਇਸ ਮੌਕੇ ਜਗਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ 8 ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਚੇਅਰਮੈਨ ਰਵਿੰਦਰ ਸਿੰਘ ਚੱਕ, ਬਿਕਰਮਜੀਤ ਸਿੰਘ ਅੱਲਾਬਖਸ਼, ਭਾਈ ਅਮਰੀਕ ਸਿੰਘ, ਹਰਮਨਜੀਤ ਸਿੰਘ, ਨਿਰਮਲ ਸਿੰਘ ਆਦਿ ਵੀ ਮੌਜੂਦ ਸਨ। ਇਸ ਸਮੇਂ ਰੂਬੀ ਸਹੋਤਾ ਨੂੰ ਸਨਮਾਨਿਤ ਵੀ ਕੀਤਾ ਗਿਆ।