ਪਿਤਾ ਦਾ ਸੁਪਨਾ ਪੂਰਾ ਕਰਨ ਲਈ ਹੈਲੀਕਾਪਟਰ 'ਤੇ ਪੁੱਜਾ ਲਾੜਾ, ਦੇਖ ਲਾੜੀ ਵੀ ਹੋਈ ਹੈਰਾਨ

03/05/2018 9:18:00 PM

ਸ਼ਾਹਕੋਟ/ਸੁਲਤਾਨਪੁਰ ਲੋਧੀ— ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦੇ ਹੋਏ ਵਿਆਹ ਸਮਾਰੋਰ ਦੌਰਾਨ ਲਾੜੀ ਨੂੰ ਲਾੜੇ ਵੱਲੋਂ ਇਕ ਅਜਿਹਾ ਸਰਪ੍ਰਾਈਜ਼ ਦਿੱਤਾ ਗਿਆ, ਜਿਸ ਨੂੰ ਦੇਖ ਲਾੜੀ ਵੀ ਹੈਰਾਨ ਰਹਿ ਗਈ। ਦਰਅਸਲ ਜਲੰਧਰ ਦੇ ਸ਼ਾਹਕੋਟ ਦੇ ਪਿੰਡ ਸਲੇਚਾਂ ਤੋਂ ਐਤਵਾਰ ਨੂੰ ਹੈਲੀਕਾਪਟਰ 'ਤੇ ਸੁਲਤਾਨਪੁਰ ਲੋਧੀ 'ਚ ਆਏ ਲਾੜੇ ਨੂੰ ਲੈ ਕੇ ਲੋਕਾਂ 'ਚ ਖੂਬ ਚਰਚਾ ਰਹੀ। ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਤੋਂ ਆਪਣੀ ਜੀਵਨ ਸਾਥਣ ਨੂੰ ਲੈਣ ਲਈ ਰਵਿੰਦਰ ਪਾਲ ਸਿੰਘ ਪੁੱਤਰ ਜਰਨੈਲ ਸਿੰਘ ਹੈਲੀਕਾਪਟਰ 'ਤੇ ਪਹੁੰਚਿਆ। ਇਸ ਦੌਰਾਨ ਰਵਿੰਦਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਜ਼ਿਆਦਾ ਪੈਸਾ ਹੋਣ ਜਾਂ ਫਿਰ ਸ਼ੋ ਆਫ ਲਈ ਉਹ ਹੈਲੀਕਾਪਟਰ 'ਤੇ ਆਇਆ ਹੋਵੇ। ਉਸ ਨੇ ਦੱਸਿਆ ਕਿ ਇਹ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਬੇਟਾ ਵਿਆਹ 'ਚ ਹੈਲੀਕਾਪਟਰ ਲੈ ਕੇ ਆਏ। ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਉਹ ਹੈਲੀਕਾਪਟਰ 'ਤੇ ਪਹੁੰਚਿਆ ਸੀ। 
ਪਿਤਾ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਸੀ। ਵਿਆਹ ਦੌਰਾਨ ਮੈਰਿਜ ਪੈਲੇਸ 'ਚ ਹੈਲੀਕਾਪਟਰ ਖਾਸ ਆਕਰਸ਼ਣ ਦਾ ਕੇਂਦਰ ਰਿਹਾ। ਲਾੜੀ ਰਵਨੀਤ ਨੇ ਦੱਸਿਆ ਕਿ ਪਤੀ ਨੇ ਹੈਲੀਕਾਪਟਰ 'ਤੇ ਆ ਕੇ ਉਸ ਨੂੰ ਬਹੁਤ ਹੀ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਇਹ ਸਰਪ੍ਰਾਈਜ਼ ਉਸ ਨੂੰ ਹਮੇਸ਼ਾ ਯਾਦ ਰਹੇਗਾ ਕਿ ਹੈਲੀਕਾਪਟਰ 'ਤੇ ਬੈਠ ਕੇ ਉਸ ਨੂੰ ਸਹੁਰੇ ਘਰ ਜਾਣ ਦਾ ਮੌਕਾ ਮਿਲਿਆ।