ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਪ੍ਰਵਾਸੀ ਭਾਰਤੀ ਦੀ ਨਿਵੇਕਲੀ ਪਹਿਲ

01/18/2018 10:24:46 AM


ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਪੰਜਾਬ 'ਚ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਦੇ ਅਨੇਕਾਂ ਕਾਰਨਾਂ 'ਚੋਂ ਇਕ ਵੱਡਾ ਕਾਰਨ ਫਸਲਾਂ ਦੀ 'ਰਹਿੰਦ-ਖੂੰਹਦ' ਨੂੰ ਕਿਸਾਨਾਂ ਵੱਲੋਂ ਅੱਗ ਲਾਉਣਾ ਵੀ ਮੰਨਿਆ ਜਾਂਦਾ ਹੈ। ਪਰਾਲੀ ਕਾਰਨ ਪਲੀਤ ਹੋ ਰਹੇ ਵਾਤਾਵਰਣ ਤੋਂ ਚਿੰਤਿਤ ਪ੍ਰਵਾਸੀ ਭਾਰਤੀ ਤੇ ਸ਼ਹਿਰ ਦੇ ਨਾਮੀ ਗਿੱਲ ਪਰਿਵਾਰ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਪਰਿਵਾਰ ਨੇ ਉਸ ਕਿਸਾਨ ਨੂੰ ਆਪਣੀ 12 ਏਕੜ ਜ਼ਮੀਨ ਠੇਕੇ 'ਤੇ ਦੇਣ ਦਾ ਫੈਸਲਾ ਕੀਤਾ, ਜੋ ਫਸਲ ਦੀ ਪਰਾਲੀ ਨੂੰ ਅੱਗ ਨਹੀਂ ਲਾਵੇਗਾ। ਪਰਿਵਾਰ ਨੇ ਠੇਕੇ 'ਤੇ ਜ਼ਮੀਨ ਲੈਣ ਵਾਲੇ ਕਿਸਾਨ ਨੂੰ ਠੇਕਾ ਰਕਮ 'ਚੋਂ ਵੀ ਫਸਲ ਦੀ ਰਹਿੰਦ-ਖੂੰਹਦ ਨਸ਼ਟ ਕਰਨ ਲਈ ਵਿਸ਼ੇਸ਼ ਛੋਟ ਦਿੱਤੀ ਹੈ। ਪ੍ਰਵਾਸੀ ਭਾਰਤੀ ਦੇ ਇਸ ਸਾਰਥਿਕ ਉੱਦਮ ਦੀ ਖੇਤੀ ਮਾਹਿਰਾਂ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਜਾ ਰਹੀ ਹੈ।  'ਜਗ ਬਾਣੀ' ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਥੇ ਦੁਸਾਂਝ ਰੋਡ ਦੇ ਵਸਨੀਕ ਤੇ ਅਮਰੀਕਾ ਸੈਟਲਡ ਪ੍ਰਵਾਸੀ ਭਾਰਤੀ ਤੇ ਸੇਵਾ ਮੁਕਤ ਮੁੱਖ ਅਧਿਆਪਕ ਸਰੂਪ ਸਿੰਘ ਗਿੱਲ, ਸੇਵਾ ਮੁਕਤ ਲੈਕਚਰਾਰ ਮਲਕੀਅਤ ਸਿੰਘ ਗਿੱਲ ਤੇ ਸੋਹਣ ਸਿੰਘ ਗਿੱਲ ਆਦਿ ਗਿੱਲ ਪਰਿਵਾਰ ਨੇ ਆਪਣੀ ਜ਼ਮੀਨ 12 ਏਕੜ ਠੇਕੇ 'ਤੇ ਦੇਣ ਸਮੇਂ ਕਾਸ਼ਤਕਾਰ ਅੰਗਰੇਜ਼ ਸਿੰਘ ਤੇ ਚਮਕੌਰ ਸਿੰਘ ਪਿੰਡ ਕੋਠੇ ਪੱਤੀ ਮੁਹੱਬਤ ਨਾਲ ਲਿਖਤੀ ਐਗਰੀਮੈਂਟ 'ਚ ਕੀਤਾ ਹੈ ਕਿ ਇਸ ਜ਼ਮੀਨ 'ਚੋਂ ਫਸਲ ਦੀ ਕਟਾਈ ਬਾਅਦ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਨਹੀਂ ਲਾਉਣਗੇ।
ਲਿਖਤ ਐਗਰੀਮੈਂਟ 'ਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਫਸਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ ਸ਼ੁਦਾ ਖਾਦਾਂ ਅਤੇ ਹੋਰ ਕੀੜੇਮਾਰ ਦਵਾਈਆਂ ਦੀ ਵਰਤੋਂ ਹੀ ਕਰਨਗੇ। ਪ੍ਰਵਾਸੀ ਪੰਜਾਬੀ ਸੇਵਾ ਮੁਕਤ ਲੈਕਚਰਾਰ ਮਲਕੀਅਤ ਸਿੰਘ ਗਿੱਲ ਨੇ ਕਿਹਾ ਕਿ ਫਸਲ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ, ਜਿਹੜਾ ਕਿ ਗੈਰ ਜ਼ਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਦੀ ਪਰਾਲੀ ਸਾੜਨਾ ਮਜਬੂਰੀ ਹੈ ਪਰ ਵਿਦੇਸ਼ਾਂ 'ਚ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਣ ਤੋਂ ਲੋਕ ਬਹੁਤ ਚਿੰਤਿਤ ਹਨ।