ਐੱਨ. ਡੀ. ਏ. ਸਰਕਾਰ ਨੇ ਰੇਲਵੇ ਨੂੰ ਪਟੜੀ ''ਤੇ ਲਿਆਉਣ ਲਈ ਕਰੋੜਾਂ ਦਾ ਨਿਵੇਸ਼ ਕੀਤਾ : ਪਿਊਸ਼ ਗੋਇਲ

05/12/2019 6:19:51 PM

ਹੁਸ਼ਿਆਰਪੁਰ (ਅਮਰੀਕ)— ਕੇਂਦਰ ਦੀ ਐੱਨ. ਡੀ. ਏ. ਸਰਕਾਰ ਨੇ 2014 ਤੋਂ ਹੁਣ ਤੱਕ ਦੇਸ਼ ਦੀ ਰੇਲਵੇ ਦੀ ਬਦਤਰ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ 3 ਹਜ਼ਾਰ 600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜੋ ਕਿ ਪਿਛਲੇ ਐੱਨ. ਡੀ. ਏ. ਸਰਕਾਰ ਦੇ ਕਾਰਜਕਾਲ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਐੱਨ. ਡੀ. ਏ. ਸਰਕਾਰ ਨੇ ਆਪਣੇ ਕਾਰਜਕਾਲ 'ਚ 1100 ਕਰੋੜ ਰੁਪਏ ਖਰਚ ਕੀਤੇ ਸਨ। ਉਕਤ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਰੇਲ ਮੰਤਰੀ ਅਤੇ ਕੋਲਾ ਮੰਤਰੀ ਪਿਊਸ਼ ਗੋਇਲ ਨੇ ਅੱਜ ਹੁਸ਼ਿਆਰਪੁਰ ਵਿਖੇ ਕੀਤਾ। ਪਿਊਸ਼ ਗੋਇਲ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਆਯੋਜਿਤ ਕੀਤੇ ਗਏ ਇਕ ਸਮਾਗਮ ਦੌਰਾਨ ਸੰਬੋਧਨ ਕਰਦੇ ਕੀਤਾ। ਪਿਊਸ਼ ਗੋਇਲ ਨੇ ਕਿਹਾ ਕਿ ਜਦੋਂ ਐੱਨ. ਡੀ. ਏ. ਦੀ 2014 'ਚ ਸਰਕਾਰ ਬਣੀ ਸੀ ਤਾਂ ਉਸ ਸਮੇਂ ਕਾਂਗਰਸ ਦੀ ਯੂ. ਪੀ. ਏ. ਸਰਕਾਰ ਨੇ ਰੇਲਵੇ ਦੀ ਹਾਲਤ ਬਹੁਤ ਹੀ ਬਦਤਰ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਰੇਲਵੇ ਦਾ ਵਿਸਥਾਰ ਕੀਤਾ ਅਤੇ ਰੇਲਵੇ ਸਟੇਸ਼ਨਾਂ 'ਤੇ ਵਾਈਫਾਈ ਦੀ ਸਹੁਲਤ ਦੇ ਨਾਲ ਨਵੇਂ ਅਤੇ ਆਧੁਨਿਕ ਰੇਲਵੇ ਸਟੇਸ਼ਨਾਂ ਦਾ ਨਿਰਮਾਣ ਕਰਵਾਇਆ। 

ਉਨ੍ਹਾਂ ਕਿਹਾ ਕਿ '84 ਦੇ ਦੰਗਾ ਪੀੜਤਾਂ ਨੂੰ ਹਮੇਸ਼ਾ ਕਾਂਗਰਸ ਨੇ ਬਚਾਉਣ ਲਈ ਸਾਥ ਦਿੱਤਾ ਪਰ ਮੋਦੀ ਸਰਕਾਰ ਨੇ ਉਨ੍ਹਾਂ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀਆਂ ਫਾਈਲਾਂ ਨੂੰ ਖੁੱਲ੍ਹਵਾਇਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ। ਇਸੇ ਲਈ ਇਕ ਮਜ਼ਬੂਤ ਰਾਸ਼ਟਰ ਲਈ ਮਜ਼ਬੂਤ ਅਤੇ ਨਿਡਰ ਪ੍ਰਧਾਨ ਮੰਤਰੀ ਦੀ ਲੋੜ ਹੈ, ਇਸੇ ਲਈ ਲੋਕ 19 ਮਈ ਨੂੰ ਕਮਲ ਦਾ ਬਟਨ ਦਬਾਉਣ ਅਤੇ ਮੋਦੀ ਸਰਕਾਰ ਨੂੰ ਦੋਬਾਰਾ ਬਣਾਉਣ। ਪੰਜਾਬ ਅਤੇ ਹਰਿਆਣਾ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਜਲ ਸ਼ਕਤੀ ਮੰਤਰਾਲਾ ਬਣਾ ਰਹੇ ਹਨ, ਜਿਸ 'ਚ ਪਾਣੀ ਦੀਆਂ ਸਾਰੀਆਂ ਯੋਜਨਾਵਾਂ ਬਾਰੇ ਵਿਚਾਰ ਕੀਤਾ ਜਾਵੇਗਾ। ਐੱਨ. ਡੀ. ਏ. ਸਰਕਾਰ ਨੇ ਸੰਤ ਮਹਾਤਮਾਵਾਂ ਅਤੇ ਗੁਰੂ ਦੇ ਤੀਰਥ ਸਥਾਨਾਂ 'ਤੇ ਕਰੋੜਾਂ ਖਰਚ ਕਰਕੇ ਸੁੰਦਰੀਕਰਨ ਕੀਤਾ ਹੈ। 
ਅੱਤਵਾਦ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਅੱਤਵਾਦੀਆਂ ਦੇ ਅੱਗੇ ਝੁੱਕਦੀ ਹੈ। ਮਨਮੋਹਨ ਸਰਕਾਰ ਨੇ ਅੱਤਵਾਦੀਆਂ ਖਿਲਾਫ ਠੋਸ ਨੀਤੀ ਅਤੇ ਸਖਤ ਕਦਮ ਨਹੀਂ ਚੁੱਕੇ ਸਨ ਪਰ ਮੋਦੀ ਸਰਕਾਰ 'ਚ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ 'ਚ ਵੜ ਕੇ ਮਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਬਹਾਦਰ ਪ੍ਰਧਾਨ ਮੰਤਰੀ ਦਾ ਹੋਣਾ ਜ਼ਰੂਰੀ ਹੈ ਤਾਂਕਿ ਦੇਸ਼ 'ਚ ਸ਼ਾਂਤੀ ਬਣੀ ਰਹੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ 13 ਦੀਆਂ ਸੀਟਾਂ 'ਤੇ ਜਿੱਤ ਦਰਜ ਕਰੇਗੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾ ਕੇ ਸੰਸਦ 'ਚ ਭੇਜਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ 'ਤੇ ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਤੀਕਸ਼ਨ ਸੂਦ, ਭਾਜਪਾ ਨੇਤਾ ਰਾਜਿੰਦਰ ਭੰਡਾਰੀ, ਆਰ. ਪੀ. ਮਿੱਤਲ, ਮੇਅਰ ਸ਼ਿਵ ਸੂਦ, ਲੋਕ ਸਭਾ ਇੰਚਾਰਜ ਰਾਜਿੰਦਰ ਭੰਡਾਰੀ, ਸਹਿ ਇੰਚਾਰਜ ਸੁਭਾਸ਼ ਸ਼ਰਮਾ ਸਮੇਤ ਕਈ ਆਗੂ ਮੌਜੂਦ ਸਨ।

shivani attri

This news is Content Editor shivani attri