ਪੰਜਾਬ ’ਚ ਉਦਯੋਗ ਨਹੀਂ ਲਿਆ ਸਕੀ ਕਾਂਗਰਸ, UP ’ਚ ਹੋਇਆ 4 ਲੱਖ ਕਰੋੜ ਦਾ ਨਿਵੇਸ਼: ਅਨੁਰਾਗ ਠਾਕੁਰ

02/18/2022 1:05:59 PM

ਜਲੰਧਰ (ਗੁਲਸ਼ਨ)– ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੀਤੇ ਦਿਨ ਉਦਯੋਗਪਤੀਆਂ ਨਾਲ ਇਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਵਿਚ ਇੰਡਸਟਰੀਅਲ ਗ੍ਰੋਥ ਨਹੀਂ ਹੋ ਰਹੀ, ਜਿਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਹੈ। ਉਨ੍ਹਾਂ ਕਿਹਾ ਕਿ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਰਹਿੰਦਿਆਂ ਯੂ. ਪੀ. ਵਿਚ ਪਿਛਲੇ 5 ਸਾਲਾਂ ਵਿਚ 4 ਲੱਖ ਕਰੋੜ ਦਾ ਨਿਵੇਸ਼ ਹੋਇਆ ਹੈ। ਗੁੰਡਾਗਰਦੀ ਅਤੇ ਨਸ਼ਿਆਂ ਦਾ ਖ਼ਾਤਮਾ ਹੋਇਆ ਹੈ ਪਰ ਪੰਜਾਬ ਪਿੱਛੇ ਰਹਿ ਗਿਆ ਕਿਉਂਕਿ ਕਾਂਗਰਸ ਕੋਲ ਕੋਈ ਨੀਤੀ ਹੀ ਨਹੀਂ ਹੈ, ਇਸ ਲਈ ਉਹ ਪੰਜਾਬ ਵਿਚ ਨਿਵੇਸ਼ ਨਹੀਂ ਕਰਵਾ ਸਕੀ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਬੀਤੇ ਦਿਨ ਬੀ. ਐੱਸ. ਐੱਫ. ਚੌਕ ਨੇੜੇ ਇਕ ਹੋਟਲ ਵਿਚ ਭਾਜਪਾ ਇੰਡਸਟਰੀਅਲ ਸੈੱਲ ਅਤੇ ਲਘੂ ਉਦਯੋਗ ਭਾਰਤੀ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਵੀ ਸਨ। ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਵਪਾਰ ਵਧਾਉਣ ਦੀ ਗੱਲ ਤਾਂ ਬਾਅਦ ਦੀ ਹੈ, ਕਿਤੇ ਵਪਾਰ ਸਮੇਟਣ ਦੀ ਨੌਬਤ ਨਾ ਆ ਜਾਵੇ। ਮੁੱਖ ਮੰਤਰੀ ਚੰਨੀ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਆਈਲੈੱਟਸ ਸੈਂਟਰ ਖੋਲ੍ਹਣ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੌਜਵਾਨਾਂ ਨੂੰ ਇਥੇ ਰੋਜ਼ਗਾਰ ਦੇਣ ਲਈ ਕੋਈ ਨੀਤੀ ਨਹੀਂ ਬਣਾਈ। ਈ. ਡੀ. ਨੇ ਰੇਡ ਕੀਤੀ ਤਾਂ ਮੁੱਖ ਮੰਤਰੀ ਚੰਨੀ ਦੇ 111 ਦਿਨ ਦੇ ਕਾਰਜਕਾਲ ਵਿਚ ਉਨ੍ਹਾਂ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਫੜੇ ਗਏ। ਅਜੇ ਤਾਂ ਇਹ 111 ਦਿਨ ਦਾ ਹੀ ਕਾਰਜਕਾਲ ਸੀ। ਜੇਕਰ 5 ਸਾਲ ਮਿਲੇ ਹੁੰਦੇ ਤਾਂ ਕੀ ਹੁੰਦਾ?

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ

ਉਦਯੋਗਪਤੀ ਸ਼ਾਂਤ ਗੁਪਤਾ, ਆਸ਼ੂਤੋਸ਼ ਵਧਵਾ, ਅਰਵਿੰਦ ਧੂਮਲ, ਮੁਕੁਲ ਵਰਮਾ ਆਦਿ ਨੇ ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਨੂੰ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਅਨੁਰਾਗ ਠਾਕੁਰ ਨੇ ਕਿਹਾ ਕਿ ਜਲੰਧਰ ਮੇਰਾ ਆਪਣਾ ਸ਼ਹਿਰ ਹੈ। ਮੇਰਾ ਸਾਰਿਆਂ ਨਾਲ ਗੂੜ੍ਹਾ ਨਾਤਾ ਹੈ। ਦਿੱਲੀ ਵਿਚਲਾ ਮੇਰਾ ਘਰ ਤੇ ਦਫਤਰ ਤੁਹਾਡੇ ਲਈ ਹਰ ਸਮੇਂ ਖੁੱਲ੍ਹਾ ਹੈ। ਚੋਣਾਂ ਤੋਂ ਬਾਅਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਉਦਯੋਗਪਤੀ ਵਿਨੇ ਗੁਪਤਾ, ਵਿਵੇਕ ਰਾਠੌਰ, ਵਿਸ਼ਾਲ ਦਾਦਾ, ਤੁਸ਼ਾਰ ਕਪੂਰ, ਭਾਜਪਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਰਾਜੇਸ਼ ਢੀਂਗਰਾ, ਅਮਰਜੀਤ ਸਿੰਘ ਅਮਰੀ, ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਇੰਡਸਟਰੀਅਲ ਸੈੱਲ ਦੇ ਕਨਵੀਨਰ ਅਸ਼ਵਨੀ ਦੀਵਾਨ ਹੈਪੀ ਸਮੇਤ ਕਈ ਵਪਾਰੀ ਅਤੇ ਉਦਯੋਗਪਤੀ ਮੌਜੂਦ ਸਨ।

ਖ਼ੁਦ ਨੂੰ ਖਾਲਿਸਤਾਨੀ ਪ੍ਰਧਾਨ ਮੰਤਰੀ ਦੱਸਣ ਵਾਲੇ ਪੰਜਾਬ ਦੀ ਸੁਰੱਖਿਆ ਨਹੀਂ ਕਰ ਸਕਦੇ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਉਨ੍ਹਾਂ ਦੇ ਸਿੱਧੇ ਤਾਰ ਖ਼ਾਲਿਸਤਾਨੀ ਸਮਰਥਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਘਰ ਵਿਚ ਉਹ ਰਾਤਾਂ ਬਿਤਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਇਕ ਸਾਥੀ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਾ ਬਣੇ ਤਾਂ ਖਾਲਿਸਤਾਨੀ ਪ੍ਰਧਾਨ ਮੰਤਰੀ ਬਣਨਗੇ। ਅਜਿਹੀ ਮਨਸ਼ਾ ਰੱਖਣ ਵਾਲੇ ਲੋਕ ਦੇਸ਼ ਦੀ ਸੁਰੱਖਿਆ ਨਹੀਂ ਕਰ ਸਕਦੇ। ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਦਾਅਵੇ ਕਰਨ ਵਾਲੇ ਕੇਜਰੀਵਾਲ ਭਗਵੰਤ ਮਾਨ ਨੂੰ ਇਕ ਬ੍ਰਾਂਡ ਅੰਬੈਸਡਰ ਵਜੋਂ ਸਾਹਮਣੇ ਲਿਆਏ ਹਨ। ਹੁਣ ਪਤਾ ਨਹੀਂ ਉਹ ਪੰਜਾਬ ਨੂੰ ਨਸ਼ਾ-ਮੁਕਤ ਕਰਨਗੇ ਜਾਂ ਪੰਜਾਬ ਵਿਚ ਨਸ਼ਾ ਮੁਫ਼ਤ ਕਰਨਗੇ।

ਇਹ ਵੀ ਪੜ੍ਹੋ: ਸੁਰੱਖਿਆ ਦਾ ਮੁੱਦਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ: ਸੁਖਜਿੰਦਰ ਰੰਧਾਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri