ਬਿਨਾਂ ਮੀਂਹ ਦੇ ਸੜਕ ਪਾਣੀ ਨਾਲ ਭਰੀ

01/16/2018 12:30:23 AM

ਕਾਠਗੜ੍ਹ, (ਰਾਜੇਸ਼)- ਜਗਤੇਵਾਲ ਤੋਂ ਸੋਭੂਵਾਲ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਸਿੰਚਾਈ ਵਾਲੇ ਟਿਊਬਵੈੱਲ ਦਾ ਪਾਣੀ ਆਉਣ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਉਕਤ ਰੋਡ ਦੇ ਹੇਠਾਂ ਅੰਡਰ ਗਰਾਊਂਡ ਇਕ ਸਿੰਚਾਈ ਵਾਲੇ ਟਿਊਬਵੈੱਲ ਦੀ ਪਾਈਪ ਲੰਘਦੀ ਹੈ। ਜਦੋਂ ਵੀ ਖੇਤ ਨੂੰ ਪਾਣੀ ਛੱਡਿਆ ਜਾਂਦਾ ਹੈ ਤਾਂ ਮੋਘੇ ਤੋਂ ਓਵਰਫਲੋਅ ਹੋ ਕੇ ਪਾਣੀ ਸੜਕ 'ਤੇ ਫੈਲ ਜਾਂਦਾ ਹੈ ਅਤੇ ਸੜਕ 'ਚ ਪਏ ਛੋਟੇ-ਛੋਟੇ ਟੋਇਆਂ 'ਚ ਪਾਣੀ ਜਮ੍ਹਾ ਹੋਣ ਕਾਰਨ ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਜਦਕਿ ਸੜਕ 'ਤੇ ਫਿਸਲਣ ਹੋਣ ਕਾਰਨ ਦੋ ਪਹੀਆ ਵਾਹਨਾਂ ਦੇ ਡਿੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਇਸੇ ਤਰ੍ਹਾਂ ਸੜਕ 'ਚ ਪਾਣੀ ਭਰਨ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਮੰਡੀ ਬੋਰਡ ਵਿਭਾਗ ਤੋਂ ਮੰਗ ਕੀਤੀ ਕਿ ਜੋ ਵੀ ਸੜਕਾਂ ਨੂੰ ਬਿਨਾਂ ਵਜ੍ਹਾ ਪੁੱਟਦਾ ਹੈ ਜਾਂ ਉਨ੍ਹਾਂ 'ਤੇ ਪਾਣੀ ਛੱਡਦਾ ਹੈ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਪ੍ਰਾਪਰਟੀ ਨੁਕਸਾਨ ਤੋਂ ਬਚ ਸਕੇ ਤੇ ਲੋਕ ਪ੍ਰੇਸ਼ਾਨ ਨਾ ਹੋਣ। ਜ਼ਿਕਰਯੋਗ ਹੈ ਕਿ ਸੜਕ ਹਾਲੇ ਬਣੀ ਹੀ ਹੁੰਦੀ ਹੈ ਕਿ ਕੁਝ ਲੋਕ ਪਾਈਪ ਦਬਾਉਣ ਜਾਂ ਹੋਰ ਕੰਮਾਂ ਲਈ ਸੜਕਾਂ ਨੂੰ ਬਿਨਾਂ ਮਨਜ਼ੂਰੀ ਹੀ ਪੁੱਟਣੀ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਰਕਾਰ ਵੱਲੋਂ ਖਰਚਿਆ ਲੱਖਾਂ ਰੁਪਿਆ ਤਾਂ ਬਰਬਾਦ ਹੁੰਦਾ ਹੀ ਹੈ, ਨਾਲ ਹੀ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ।