ਬੇਰੁਜ਼ਗਾਰ ਅਧਿਆਪਕ ਹੁਣ ਲੋਹੜੀ ''ਤੇ ਘੇਰਨਗੇ ਸਿੱਖਿਆ ਮੰਤਰੀ ਦੀ ਕੋਠੀ

01/10/2020 8:37:12 PM

ਚੰਡੀਗੜ੍ਹ,(ਭੁੱਲਰ) - ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ 4 ਸਤੰਬਰ ਤੋਂ ਪੱਕਾ-ਮੋਰਚਾ ਲਾ ਕੇ ਬੈਠੇ ਟੈਟ ਪਾਸ ਬੇਰੁਜ਼ਗਾਰ ਬੀ. ਐਡ ਅਤੇ ਈ. ਟੀ. ਟੀ. ਅਧਿਆਪਕ ਠੰਢ ਦੇ ਬਾਵਜੂਦ ਵੀ ਸੰਘਰਸ਼ ਲਈ ਡਟੇ ਹੋਏ ਹਨ। ਬੀਤੇ ਦਿਨ ਹੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਵੀ ਸਿੱਖਿਆ ਮੰਤਰੀ ਦੇ ਐਲਾਨ ਦੇ ਬਾਵਜੂਦ ਭਰਤੀ ਦਾ ਪ੍ਰਸਤਾਵ ਨਾ ਆਉਣ 'ਤੇ ਇਨ੍ਹਾਂ ਅਧਿਆਪਕਾਂ ਦਾ ਗੁੱਸਾ ਹੋਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈ ਕੈਬਨਿਟ 'ਚ ਵੀ ਭਰਤੀ ਦਾ ਪ੍ਰਸਤਾਵ ਨਹੀਂ ਸੀ ਆਇਆ। ਹੁਣ ਬੇਰੁਜ਼ਗਾਰ ਅਧਿਆਪਕਾਂ ਨੇ 12 ਜਨਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਲੋਹੜੀ ਮੰਗਣ ਦਾ ਐਲਾਨ ਕੀਤਾ ਹੈ। 

ਟੈਟ ਪਾਸ ਬੇਰੁਜ਼ਗਾਰ ਬੀ. ਐਡ ਅਤੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਆਗੂਆਂ ਸੁਖਵਿੰਦਰ ਢਿੱਲਵਾਂ ਅਤੇ ਦੀਪਕ ਕੰਬੋਜ਼ ਨੇ ਕਿਹਾ ਕਿ ਸਿੱਖਿਆ ਮੰਤਰੀ 2500 ਅਧਿਆਪਕਾਂ ਦੀਆਂ ਅਸਾਮੀਆਂ ਕੱਢਣ ਬਾਰੇ ਬਿਆਨ ਦੇ ਕੇ ਮਜ਼ਾਕ ਕਰ ਰਹੇ ਹਨ, ਪੰਜਾਬ ਭਰ 'ਚ ਖ਼ਾਲੀ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ। ਕਿਓਂਕਿ ਕਰੀਬ 65 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ 12 ਜਨਵਰੀ ਨੂੰ ਬੇਰੁਜ਼ਗਾਰ ਬੀ. ਐੱਡ ਅਤੇ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵੱਡਾ ਇਕੱਠ ਕਰਕੇ ਰੁਜ਼ਗਾਰ ਦੀ ਲੋਹੜੀ ਮੰਗਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ. ਐਡ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ, ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਲਈ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ, ਟੈਸਟ ਪਾਸ ਕਰਨ ਦੇ ਬਾਵਜੂਦ ਓਵਰਏਜ਼ ਹੋ ਰਹੇ 
ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕੀਤੀ ਜਾਵੇ।