ਬੇਰੋਜ਼ਗਾਰ ਅਧਿਆਪਕਾਂ ''ਤੇ ਹਮਲੇ ਦੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਹੋਵੇ ਫੌਜਦਾਰੀ ਕੇਸ ਦਰਜ : ਸੁਖਬੀਰ

03/12/2020 12:40:36 AM

ਪਟਿਆਲਾਂ, (ਜੋਸਨ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪਟਿਆਲਾ ਵਿਚ ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ’ਤੇ ਜ਼ਾਲਮਾਨਾ ਹਮਲਾ ਕਰਨ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ਹੈ। ਇਸ ਵਹਿਸ਼ੀ ਕਾਰਵਾਈ ਦਾ ਹੁਕਮ ਦੇਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਪੁਲਸ ਅਫਸਰਾਂ ਵੱਲੋਂ ਆਪਣੇ ਆਕਾਵਾਂ ਨੰ ਖੁਸ਼ ਕਰਨ ਵਾਸਤੇ ਬਿਨਾਂ ਭਡ਼ਕਾਹਟ ਦੇ ਬੇਰੋਜ਼ਗਾਰੀ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਬੇਰੋਜ਼ਗਾਰ ਅਧਿਆਪਕਾਂ ਖਿਲਾਫ ਦਰਜ ਹੋਇਆ ਕੇਸ ਤੁਰੰਤ ਵਾਪਸ ਲਿਆ ਜਾਵੇ ਅਤੇ ਐੱਸ. ਪੀ. ਸਿਟੀ ਸਮੇਤ ਹੋਰ ਪੁਲਸ ਅਫਸਰ ਜੋ ਕਿ ਹਮਲੇ ਵਿਚ ਸ਼ਾਮਲ ਸਨ, ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਇਸ ਹਮਲੇ ਦਾ ਹੁਕਮ ਦੇਣ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 1664 ਅਸਾਮੀਆਂ ਦਾ ਇਸ਼ਤਿਹਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਸ ਦਾ ਟੈੱਟ ਪਾਸ ਉਮੀਦਵਾਰਾਂ ਨੂੰ ਭਰਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਖਾਲੀ ਅਸਾਮੀਆਂ ਹੀ ਭਰੀਆਂ ਨਹੀਂ ਜਾ ਰਹੀਆਂ ਤਾਂ ਫਿਰ ਤੁਸੀਂ ਨਵੀਆਂ ਅਸਾਮੀਆਂ ਕੀ ਸਿਰਜੋਗੇ? ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਇਕ ਲਗਾਤਾਰ ਚੱਲਣ ਵਾਲੀ ਮੁਹਿੰਮ ਵਿੱਢੇਗਾ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਸਰਕਾਰ ਨੂੰ ਖਾਲੀ ਅਸਾਮੀਆਂ ਭਰਨ ਅਤੇ ਨਵੀਆਂ ਸਿਰਜਣ ਵਾਸਤੇ ਮਜਬੂਰ ਕੀਤਾ ਜਾ ਸਕੇ।