ਵਿਧਾਇਕ ਸਰਕਾਰੀਆ ਦੀ ਅਗਵਾਈ ਹੇਠ ਪਿੰਡਾਂ ''ਚ ਪਖਾਨੇ ਬਣਾਉਣ ਦਾ ਕੰਮ ਸ਼ੁਰੂ

09/08/2017 5:22:22 AM

ਭਿੰਡੀ ਸੈਦਾਂ,   (ਗੁਰਜੰਟ)-  ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਰਹਿਨੁਮਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਘਰ-ਘਰ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸਰਹੱਦੀ ਪਿੰਡ ਬੁਰਜ ਵਿਖੇ ਬਣ ਰਹੇ ਪਖਾਨਿਆਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਸੁੱਖ ਸਰਕਾਰੀਆ ਦੇ ਮੁੱਖ ਸਲਾਹਕਾਰ ਤੇ ਮੀਡੀਆ ਇੰਚਾਰਜ ਡਾ. ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਸੁੱਖ ਸਰਕਾਰੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ 'ਚ ਚੱਲ ਰਹੇ ਸਾਰੇ ਵਿਕਾਸ ਕਾਰਜਾਂ 'ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਸਰਕਾਰ ਵੱਲੋਂ ਆਇਆ ਇਕ-ਇਕ ਪੈਸਾ ਆਮ ਲੋਕਾਂ ਦੀਆਂ ਸੁੱਖ-ਸਹੂਲਤਾਂ ਲਈ ਵਰਤਿਆ ਜਾ ਸਕੇ।
ਹਲਕਾ ਵਿਧਾਇਕ ਦੀਆਂ ਸਖਤ ਹਦਾਇਤਾਂ ਮੁਤਾਬਿਕ ਵਿਕਾਸ ਦੇ ਕੰਮ ਵਿਚ ਕੋਤਾਹੀ ਵਰਤਣ ਵਾਲੇ ਅਧਿਕਾਰੀ ਜਾਂ ਕਿਸੇ ਮੋਹਤਬਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੂਰੇ ਹਲਕੇ ਦਾ ਵਿਕਾਸ ਬਿਨਾਂ ਭੇਦਭਾਵ ਤੋਂ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਸੋਚ ਮੁਤਾਬਿਕ ਆਉਣ ਵਾਲੇ ਕੁਝ ਮਹੀਨਿਆਂ 'ਚ ਹਲਕੇ ਦੇ ਹਰੇਕ ਘਰ 'ਚ ਪਖਾਨਾ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਨਾਲ ਪੂਰੇ ਹਲਕੇ ਨੂੰ ਸਵੱਛ ਤੇ ਸਾਫ-ਸੁਥਰਾ ਰੱਖਿਆ ਜਾਵੇਗਾ।
ਇਸ ਮੌਕੇ ਜੇ. ਈ. ਰਘਬੀਰ ਸਿੰਘ, ਸਰਪੰਚ ਤਸਬੀਰ ਸਿੰਘ ਬੁਰਜ, ਸਾਬਕਾ ਚੇਅਰਮੈਨ ਬਲੋਰ ਸਿੰਘ, ਮੈਂਬਰ ਪੰਚਾਇਤ ਧੰਨਤਾ ਸਿੰਘ, ਡਾ. ਪ੍ਰੀਤਮ ਸਿੰਘ, ਸੋਨੂੰ ਮੁੱਧ, ਸਾਬੀ ਆੜ੍ਹਤੀ ਅਵਾਣ, ਮੈਂਬਰ ਕਾਰਜ ਸਿੰਘ, ਕੁਲਵਿੰਦਰ ਸਿੰਘ, ਮਕਬੂਲ ਮਸੀਹ ਆਦਿ ਹਾਜ਼ਰ ਸਨ।