ਬੇਕਾਬੂ ਟੈਂਪੂ ਫੁੱਟਪਾਥ ''ਤੇ ਚੜ੍ਹਿਆ, ਵਾਲ-ਵਾਲ ਬਚੇ ਬੱਚੇ

07/12/2017 2:15:07 PM


ਅਬੋਹਰ(ਸੁਨੀਲ)—ਪੁਰਾਣੀ ਫਾਜ਼ਿਲਕਾ ਰੋਡ 'ਤੇ ਸਥਿਤ ਜੀਨੀਅਸ ਸਕੂਲ ਦਾ ਇਕ ਟੈਂਪੂ ਬੇਕਾਬੂ ਹੋ ਕੇ ਇਕ ਫੁੱਟਪਾਥ 'ਤੇ ਜਾ ਚੜ੍ਹਿਆ ਪਰ ਉਸ ਵਿਚ ਸਵਾਰ ਬੱਚੇ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਜੀਨੀਅਸ ਸਕੂਲ ਵਿਚ ਅੱਜ ਦੁਪਹਿਰ ਛੁੱਟੀ ਬਾਅਦ ਇਕ ਥ੍ਰੀ-ਵ੍ਹੀਲਰ ਚਾਲਕ ਸਕੂਲੀ ਬੱਚਿਆਂ ਨੂੰ ਲੱਦ ਕੇ ਉਨ੍ਹਾਂ ਦੇ ਘਰਾਂ ਵਿਚ ਛੱਡਣ ਜਾ ਰਿਹਾ ਸੀ, ਜਦ ਉਹ ਕ੍ਰਿਪਾ ਰਾਮ ਰੋਡ 'ਤੇ ਸਥਿਤ ਮੁਹੱਲਾ ਕ੍ਰਿਸ਼ਨਾ ਨਗਰੀ ਗਲੀ ਨੰ. 1 ਵਿਚ ਪਹੁੰਚਿਆ ਤਾਂ ਇਸੇ ਦੌਰਾਨ ਸਕੂਲੀ ਬੱਚਿਆਂ ਨੂੰ ਉਤਾਰਦੇ ਸਮੇਂ ਕਿਸੇ ਬੱਚੇ ਨੇ ਸ਼ਰਾਰਤ ਨਾਲ ਟੈਂਪੂ ਦਾ ਗਿਅਰ ਪਾ ਦਿੱਤਾ, ਜਿਸ ਨਾਲ ਟੈਂਪੂ ਇਕ ਦਮ ਉਛਲ ਕੇ ਡਿਵਾਈਡਰ 'ਤੇ ਜਾ ਚੜ੍ਹਿਆ। ਟੈਂਪੂ ਵਿਚ ਸਵਾਰ ਬੱਚਿਆਂ ਦਾ ਰੌਲਾ ਸੁਣ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋਏ ਅਤੇ ਬੱਚਿਆਂ ਨੂੰ ਟੈਂਪੂ ਤੋਂ ਸੁਰੱਖਿਅਤ ਬਾਹਰ ਕੱਢਿਆ। ਨੇੜੇ-ਤੇੜੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਸਕੂਲ ਪ੍ਰਬੰਧਕਾਂ ਨੂੰ ਦਿੱਤੀ, ਜਿਸ 'ਤੇ ਉਹ ਜਲਦ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। 
ਦੂਜੇ ਪਾਸੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਇਸ ਸਕੂਲ ਦੇ ਨਾਲ-ਨਾਲ ਹੋਰ ਨਿੱਜੀ ਸਕੂਲਾਂ ਵਿਚ ਵੀ ਚੱਲਣ ਵਾਲੇ ਥ੍ਰੀ-ਵ੍ਹੀਲਰਾਂ ਦਾ ਪਤਾ ਕਰਵਾ ਕੇ ਉਨ੍ਹਾਂ 'ਤੇ ਰੋਕ ਲਗਵਾਵੇਗੀ। ਜੇਕਰ ਇਸਦੇ ਬਾਅਦ ਵੀ ਕੋਈ ਸਕੂਲ ਸੰਚਾਲਕ ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।