ਸ਼ਹਿਰ ''ਚ ਬੇਰੋਕ-ਟੋਕ ਵਿਕ ਰਿਹਾ ਨਸ਼ਾ, ਪ੍ਰਸ਼ਾਸਨ ਬੇਖਬਰ

06/26/2017 7:37:53 AM

ਪੱਟੀ,  (ਜ. ਬ.)-  ਸ਼ਹਿਰ 'ਚ ਚਿੱਟੇ ਸਮੇਤ ਸਾਰੇ ਨਸ਼ੇ ਬੇਰੋਕ-ਟੋਕ ਵਿਕ ਰਹੇ ਹਨ ਤੇ ਪੁਲਸ ਸਿਫਰ ਮੂਕ ਦਰਸ਼ਕ ਬਣੀ ਹੋਈ ਹੈ। ਇਸ ਸਬੰਧ ਵਿਚ ਜਦੋਂ ਪੱਟੀ ਹਲਕੇ ਦੇ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਰਾਇ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ ਸਰਕਾਰ ਨੂੰ ਇਸ ਕਰ ਕੇ ਸੱਤਾ ਵਿਚ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨਸਭਾ ਵਿਚ ਭੇਜਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਇਕ ਮਹੀਨੇ ਵਿਚ ਪੰਜਾਬ 'ਚ ਨਸ਼ਿਆਂ ਦੀ ਵਿਕਰੀ 'ਤੇ ਪੂਰਨ ਕੰਟਰੋਲ ਕਰ ਲਿਆ ਜਾਵੇਗਾ ਪਰ ਤਿੰਨ ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਨਸ਼ੀਲੇ ਪਦਾਰਥ ਉਸੇ ਤਰ੍ਹਾਂ ਹੀ ਵਿਕ ਰਹੇ ਹਨ।
ਪੱਟੀ ਵਿਚ ਪਿਛਲੀ ਸਰਕਾਰ ਵੇਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੁੰਦੀ ਸੀ, ਨਸ਼ੇਬਾਜ਼ ਸਕੂਲ ਦੇ ਲਾਗੇ ਬੈਠੇ ਰਹਿੰਦੇ ਸਨ ਅਤੇ ਸਕੂਲ ਆਉਣ ਵਾਲੀਆਂ ਲੜਕਿਆਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਪਰ ਉਸ ਵੇਲੇ ਸਰਕਾਰੀ ਦਬਾਅ ਕਰ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਸਰਕਾਰ ਜਦੋਂ ਬਦਲ ਗਈ ਤਾਂ ਲੋਕਾਂ ਨੂੰ ਆਸ ਬੱਝੀ ਸੀ ਕਿ ਪਿਛਲੀ ਸਰਕਾਰ ਦੇ ਚਹੇਤਿਆਂ ਦੇ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਅੱਡਿਆਂ ਨੂੰ ਜਲਦ ਬੰਦ ਕੀਤਾ ਜਾਵੇਗਾ ਪਰ ਸਕੂਲ ਦੇ ਦੋਵੇਂ ਪਾਸੇ ਇਹ ਨਾਜਾਇਜ਼ ਸ਼ਰਾਬ ਦੇ ਠੇਕੇ ਬਦਸਤੂਰ ਚਾਲੂ ਹਨ। ਸ਼ਹਿਰ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਹਰਮਿੰਦਰ ਸਿੰਘ ਗਿੱਲ ਹਲਕਾ ਵਿਧਾਇਕ ਪੱਟੀ ਕੋਲੋਂ ਮੰਗ ਕੀਤੀ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਦੋਵੇਂ ਪਾਸੇ ਖੁੱਲ੍ਹੇ ਨਾਜਾਇਜ਼ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣ।