ਬਰਲਟਨ ਪਾਰਕ ''ਚ 509 ਨੰਬਰ ਦੁਕਾਨ ''ਚ ਪੂਰੇ ਸਾਲ ਦੇ ਇਕੱਠੇ ਹੋਏ ਵੇਚਦਾ ਸੀ ਨਾਜਾਇਜ਼ ਪਟਾਕੇ

03/28/2018 6:54:57 AM

ਜਲੰਧਰ, (ਮਹੇਸ਼)- ਰਿਹਾਇਸ਼ੀ ਇਲਾਕੇ ਰਿਆਜਪੁਰਾ ਵਿਚ ਧਮਾਕੇ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਲਾਕੇ ਦੇ ਲੋਕਾਂ ਮੁਤਾਬਕ ਗੁਰਦੀਪ ਸਿੰਘ ਗੋਰਾ ਆਪਣੇ ਪਿਤਾ ਖਜਾਨ ਸਿੰਘ ਦੇ ਨਾਲ ਬਰਲਟਨ ਪਾਰਕ ਵਿਚ ਹਰ ਸਾਲ ਦੁਕਾਨ ਲਾ ਕੇ ਨਾਜਾਇਜ਼ ਪਟਾਕੇ ਵੇਚਦਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਸਾਲ ਪਟਾਕਿਆਂ ਦੀ ਦੁਕਾਨ ਲਈ ਬਾਕਾਇਦਾ ਪ੍ਰਸ਼ਾਸਨ ਤੇ ਪੁਲਸ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ। ਇਲਾਕੇ ਦੇ ਐੱਸ. ਐੱਚ. ਓ. ਦੁਕਾਨ ਦੇ ਸਾਮਾਨ ਅਤੇ ਪਟਾਕਿਆਂ ਦਾ ਮੁਆਇਨਾ ਕਰਦੇ ਹਨ। ਉਥੇ ਦੁਕਾਨ ਲੱਗਣ ਤੋਂ ਬਾਅਦ ਸੇਫਟੀ ਇੰਸਪੈਕਟਰ ਵੀ ਅਧਿਕਾਰਤ ਦੌਰੇ ਤੋਂ ਇਲਾਵਾ ਸੁਰੱਖਿਆ ਦੇ ਇੰਤਜ਼ਾਮ ਦੇਖਦੇ ਹਨ। ਭਾਵੇਂ ਇਸ ਤੋਂ ਬਾਅਦ ਵੀ ਹਰ ਸਾਲ ਗੋਰਾ ਬਰਲਟਨ ਪਾਰਕ ਵਿਚ ਦੁਕਾਨ ਨੰਬਰ 509 'ਤੇ ਘਰ ਵਿਚ ਨਾਜਾਇਜ਼ ਤੌਰ 'ਤੇ ਬਣਾਏ ਗਏ ਪਟਾਕੇ ਸ਼ਰੇਆਮ ਵੇਚਦਾ ਸੀ। 
ਕਰੀਬੀ ਲੋਕਾਂ ਅਨੁਸਾਰ ਗੁਰਦੀਪ ਸਿੰਘ ਤੇ ਖਜ਼ਾਨ ਸਿੰਘ ਦੋਵੇਂ ਹੀ ਸੀਜ਼ਨ ਦੇ ਹਿਸਾਬ ਨਾਲ ਕੰਮ ਕਰਦੇ ਹਨ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਉਹ ਘਰ ਵਿਚ ਰੱਖੜੀ ਬਣਾਉਂਦੇ ਹਨ ਤੇ ਸੰਗ੍ਰਾਂਦ ਤੋਂ ਪਹਿਲਾਂ ਪਤੰਗ ਬਣਾਉਣ ਦਾ ਕੰਮ ਕਰਦੇ ਹਨ। ਲੋਕਾਂ ਦੀ ਨਜ਼ਰ ਵਿਚ ਉਹ ਪਤੰਗਾਂ ਤੇ ਰੱਖੜੀ ਲਈ ਹੀ ਜਾਣੇ ਜਾਂਦੇ ਹਨ ਪਰ ਨੇੜਿਓਂ ਜਾਣਨ ਵਾਲੇ ਦੱਸਦੇ ਹਨ ਕਿ ਇਸ ਦੀ ਆੜ ਵਿਚ ਮੋਟੀ ਕਮਾਈ ਕਾਰਨ ਉਹ ਤਕਰੀਬਨ ਪੂਰਾ ਸਾਲ ਹੀ ਪਟਾਕਿਆਂ ਦਾ ਹੀ ਕੰਮ ਕਰਦੇ ਹਨ। ਲੁਕਾਉਣ ਲਈ ਛੱਤ 'ਤੇ ਹੀ ਪਟਾਕੇ ਭਰਨ ਦਾ ਕੰਮ ਕਰਦੇ ਹਨ। ਉਥੇ ਬਣੇ ਪਟਾਕੇ ਦੋਵੇਂ ਪਿਓ-ਪੁੱਤਰ ਪ੍ਰਤਾਪ ਬਾਗ ਕੋਲ ਬਿਜਲੀ ਘਰ ਦੇ ਸਾਹਮਣੇ ਗਲੀ ਵਿਚ ਆਪਣੀ ਦੁਕਾਨ ਵਿਚ ਰੱਖ ਕੇ ਵੇਚਦੇ ਹਨ। ਲੋਕਾਂ ਦੀ ਮੰਨੀਏ ਤਾਂ ਪ੍ਰਤਾਪ ਬਾਗ ਕੋਲ ਗੁਰਦੀਪ ਦੀ ਦੁਕਾਨ ਵਿਚ ਪੂਰਾ ਸਾਲ ਕਦੀ ਵੀ ਪਟਾਕੇ ਖਰੀਦੇ ਜਾ ਸਕਦੇ ਹਨ। ਗੁਰਦੀਪ ਨੇ ਸ਼ਾਦੀ-ਵਿਆਹ ਸਣੇ ਹੋਰ ਫੰਕਸ਼ਨਾਂ ਲਈ ਮੈਰਿਜ ਪੈਲੇਸ ਸਣੇ ਹੋਰ ਲੋਕਾਂ ਨਾਲ ਸੰਪਰਕ ਬਣਾਏ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਪਟਾਕੇ ਸਪਲਾਈ ਕਰਦਾ ਹੈ। 
ਮਾਮਲੇ ਵਿਚ ਧਮਾਕੇ ਤੋਂ ਬਾਅਦ ਥਾਣਾ 4 ਦੀ ਪੁਲਸ ਨੇ ਗੁਰਦੀਪ 'ਤੇ 304 (ਲਾਪ੍ਰਵਾਹੀ ਨਾਲ ਕਿਸੇ ਦੀ ਮੌਤ), 336 (ਅਜਿਹਾ ਕੰਮ ਜਿਸ ਨਾਲ ਕਿਸੇ ਦਾ ਜੀਵਨ ਖਤਰੇ 'ਚ ਪੈ ਜਾਵੇ), 188 (ਨਿਯਮਾਂ ਦੇ ਉਲਟ ਕੰਮ ਕਰਨਾ) ਸਣੇ ਐਕਸਪਲੋਸਿਵ ਐਕਟ 1908 ਦੇ ਤਹਿਤ ਕੇਸ ਦਰਜ ਕੀਤਾ ਹੈ। ਭਾਵੇਂ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਲੋਕਾਂ ਵਿਚ ਦਹਿਸ਼ਤ, ਧਮਾਕੇ ਤੋਂ ਬਾਅਦ ਮਾਰਕੀਟ ਵਿਚ ਹਫੜਾ-ਦਫੜੀ, ਦੁਕਾਨਾਂ ਹੋਈਆਂ ਬੰਦ
ਸੈਂਟਰਲ ਟਾਊਨ ਦੇ ਪਾਸ਼ ਇਲਾਕੇ ਰਿਆਜਪੁਰਾ ਵਿਚ ਧਮਾਕੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵਿਚ ਦਹਿਸ਼ਤ ਦਾ ਆਲਮ ਹੈ। ਧਮਾਕੇ ਨਾਲ ਸਹਿਮੇ ਗੁਆਂਢ ਵਿਚ ਰਹਿੰਦੇ ਲੋਕ ਘਰਾਂ 'ਚ ਜਾਣ ਤੋਂ ਡਰ ਰਹੇ ਹਨ ਕਿ ਕਿਤੇ ਫਿਰ ਨਾ ਧਮਾਕਾ ਹੋ ਜਾਵੇ, ਜਿਸ ਨਾਲ ਉਨ੍ਹਾਂ ਦੇ ਘਰ ਵੀ ਲਪੇਟ ਵਿਚ ਨਾ ਆ ਜਾਵੇ। ਧਮਾਕੇ ਨਾਲ ਸੇਠੀ ਸਵੀਟਸ ਵਾਲੀ ਗਲੀ ਵਿਚ ਮੋਬਾਇਲ ਦੀਆਂ ਦੁਕਾਨਾਂ ਦੇ ਬਾਹਰ ਹਫੜਾ-ਦਫੜੀ ਮਚ ਗਈ। ਲੋਕਾਂ ਦੀ ਭੀੜ ਅਤੇ ਇਕ ਤੋਂ ਬਾਅਦ ਇਕ ਐਂਬੂਲੈਂਸ ਤੇ ਪੁਲਸ ਦੀਆਂ ਗੱਡੀਆਂ ਵੇਖ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਗੋਰੇ ਦੀ ਨਾਜਾਇਜ਼ ਪਟਾਕਾ ਫੈਕਟਰੀ ਕਾਰਨ ਉਹ ਹਰ ਸਮੇਂ ਦਹਿਸ਼ਤ ਵਿਚ ਰਹਿੰਦੇ ਸਨ। ਕਈ ਵਾਰ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਸ ਦੀ ਸ਼ਿਕਾਇਤ ਪੁਲਸ ਨੂੰ ਦੇਣ ਪਰ ਗੁਆਂਢੀ ਹੋਣ ਕਾਰਨ ਉਹ ਹਰ ਵਾਰ ਟਾਲ ਜਾਂਦੇ ਸਨ।