ਅੰਬੇ ਮਾਜਰਾ ਦੇ ਲੋਕ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਹੋਏ ਮਜਬੂਰ

07/18/2018 5:55:29 AM

ਮੰਡੀ ਗੋਬਿੰਦਗਡ਼੍ਹ, (ਜਗਦੇਵ)- ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਦੀ ਗੋਦ ਵਿਚ ਵਸੇ ਪਿੰਡ ਅੰਬੇ ਮਾਜਰਾ ਦੇ ਵਾਸੀ  ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਬਰਸਾਤ ਦੇ ਦਿਨਾਂ ਵਿਚ ਤਾਂ ਇਸ ਪਿੰਡ ਵਿਚ ਆਉਣਾ-ਜਾਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਪਿੰਡ ਦੀ ਮੁੱਖ ਸਡ਼ਕ ਵਿਚ ਪਏ ਗੋਡੇ -ਗੋਡੇ ਟੋਏ ਅਤੇ ਗਲੀਆਂ ਵਿਚ ਘੁੰਮ ਰਿਹਾ ਪਾਣੀ  ਵੱਡੀ ਸਿਰਦਰਦੀ ਬਣ ਜਾਂਦਾ ਹੈ। ਇਸ ਪਿੰਡ  ਦੇ  ਵਿਕਾਸ  ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ  ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ  ਵੱਡੀ ਜੱਦੋਜਹਿਦ ਉਪਰੰਤ ਲੱਖਾਂ ਰੁਪਏ ਮਨਜ਼ੂਰ  ਕਰਵਾ ਦਿੱਤੇ ਗਏ ਸਨ  ਪਰ  ਕਾਂਗਰਸ ਦੀ ਸਰਕਾਰ  ਸਮੇਂ  ਇਹ ਵਿਕਾਸ ਕਾਰਜ ਠੰਡੇ ਬਸਤੇ ਵਿਚ ਪੈ ਚੁੱਕੇ ਹਨ।
 ਵਰਣਨਯੋਗ ਹੈ ਕਿ ਰਾਜੂ ਖੰਨਾ ਦੇ ਯਤਨਾਂ ਸਦਕਾ ਵਿਕਾਸ ਲਈ ਲਗਾਏ ਗਏ ਟੈਂਡਰ ਵੀ ਕਾਂਗਰਸ ਸਰਕਾਰ ਬਣਦੇ ਹੀ ਰੱਦ ਕਰ ਦਿੱਤੇ ਗਏ ਹਨ। ਜਦੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਹਰਤੇਜਪਾਲ ਸਿੰਘ, ਯੂਥ ਆਗੂ ਗੁਰਤੇਜ ਸਿੰਘ ਤੇ ਨੰਬਰਦਾਰ ਅਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਰਾਜੂ ਖੰਨਾ ਦੇ ਯਤਨਾ ਸਦਕਾ ਅੰਬੇ ਮਾਜਰਾ ਦੇ ਵਿਕਾਸ ਲਈ  ਉਲੀਕੀ ਵੱਡੀ ਯੋਜਨਾ  ਹੁਣ ਠੱਪ ਹੋ ਕੇ ਰਹਿ ਗਈ।  ਉਨ੍ਹਾਂ ਸਮੇਂ ਦੀ ਸਰਕਾਰ ਤੇ ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਨੂੰ ਅਪੀਲ ਕੀਤੀ ਕਿ ਉਹ ਪਿੰਡ ਅੰਬੇ ਮਾਜਰੇ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਵਿਕਾਸ ਨੂੰ ਪਹਿਲ ਦੇਣ। 
ਇਸ ਬਾਰੇ ਜਦੋਂ  ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ  ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ  ਨੇ  ਤਾਂ  ਪਿੰਡ ਦੇ ਵਿਕਾਸ ਲਈ ਵੱਡੀ ਰਾਸ਼ੀ  ਮਨਜ਼ੂਰ ਕਰਵਾ ਦਿੱਤੀ ਸੀ ਪਰ ਕੈਪਟਨ  ਸਰਕਾਰ ਨੇ  ਇਹ ਕਾਰਜ ਰੁਕਵਾ ਦਿੱਤੇ । ਰਾਜੂ ਖੰਨਾ ਨੇ ਕਿਹਾ ਕਿ ਜੇਕਰ ਜਲਦ ਨਗਰ ਕੌਂਸਲ ਅਧੀਨ ਲਿਆਂਦੇ ਪਿੰਡ ਅੰਬੇ ਮਾਜਰਾ, ਅਜਨਾਲੀ, ਇਕਬਾਲ ਨਗਰ, ਸੰਤ ਨਗਰ ਅੰਦਰ ਵਿਕਾਸ ਕਾਰਜ ਸ਼ੁਰੂ ਨਾ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਵਿਚ ਮਰਜ ਹੋਏ ਪਿੰਡਾਂ ਦੇ  ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਮੰਡੀ ਗੋਬੰਦਗਡ਼੍ਹ ਦੇ ਅਧਿਕਾਰੀਆਂ ਤੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਜਦੋਂ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਈ. ਓ. ਬਰਾਡ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ  ਇਕ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ ਤੇ ਅੱਗੋਂ ਕਿਸੇ ਵੀ ਪਿੰਡ ਵਾਸੀ ਨੂੰ ਵਿਕਾਸ ਪੱਖੋਂ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।