ਦਿੱਲੀ ਸਥਿਤ ਮੰਦਰ ਢਾਹੁਣ ਬਾਰੇ ਸਾਧੂ ਸੰਪ੍ਰਦਾਇ ਸੋਸਾਇਟੀ ਵਲੋਂ ਸਰਕਾਰ ਨੂੰ ਤਾੜਨਾ

09/27/2019 2:37:39 PM

ਜਲੰਧਰ (ਚਾਵਲਾ) : ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ 30 ਸਤੰਬਰ ਤੱਕ ਨਾ ਮੰਨੀਆਂ ਤਾਂ 1 ਅਕਤੂਬਰ ਨੂੰ ਜੰਤਰ-ਮੰਤਰ ਦਿੱਲੀ ਵਿਖੇ ਸਾਧੂ ਸਮਾਜ ਨੇ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣ ਦਾ ਐਲਾਨ ਕੀਤਾ।

ਇਥੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ 'ਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਾਚੀਨ ਮੰਦਰ ਢਾਹ ਕੇ ਸਰਕਾਰ ਨੇ ਸਾਡੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਰਵਿਦਾਸ ਭਾਈਚਾਰੇ ਦੇ ਗ੍ਰਿਫਤਾਰ ਕੀਤੇ 96 ਯੋਧਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਕੇਸ ਵਾਪਸ ਨਾ ਲਏ ਅਤੇ ਪ੍ਰਾਚੀਨ ਮੰਦਰ ਦੀ ਮੁੜ ਉਸਾਰੀ 30 ਸਤੰਬਰ ਤੱਕ ਸ਼ੁਰੂ ਨਾ ਕੀਤੀ ਤਾਂ ਸਾਧੂ ਸਮਾਜ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਨੇ ਹਾਲੇ ਤੱਕ ਕੋਈ ਮਸਲਾ ਹੱਲ ਨਹੀਂ ਕੀਤਾ ਜਿਸ ਤੋਂ ਨਿਰਾਸ਼ ਹੋ ਕੇ ਸੰਤ ਸਮਾਜ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਬਾਬਾ ਜਸਵਿੰਦਰ ਸਿੰਘ ਪੰਡਵਾ, ਸੰਤ ਟਹਿਲ ਨਾਥ, ਸੰਤ ਗੁਰਮੁਖ ਦਾਸ, ਸੰਤ ਸ਼ੀਤਲ ਦਾਸ, ਰਮੇਸ਼ ਚੋਹਕਾਂ, ਜਗਦੀਸ਼ ਦੀਸ਼ਾ ਬੂਟਾ ਮੰਡੀ, ਵਰੁਣ ਕਲੇਰ ਆਦਿ ਹਾਜ਼ਰ ਸਨ।

Anuradha

This news is Content Editor Anuradha