UK ਤੋਂ ਪੰਜਾਬ ਪੁੱਜੇ ਮੁਸਾਫ਼ਰਾਂ ਸਬੰਧੀ ਸਖ਼ਤ ਹੋਈ ਸਰਕਾਰ, 2 ਦਿਨਾਂ ਅੰਦਰ ਟਰੇਸ ਕਰਨ ਦੇ ਹੁਕਮ ਜਾਰੀ

12/25/2020 9:35:22 AM

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਅੰਤਰਰਾਸਟਰੀ ਮੁਸਾਫ਼ਰਾਂ ਲਈ ਹਾਲ ਹੀ 'ਚ ਜਾਰੀ ਕੀਤੀਆਂ ਐਸ. ਓ. ਪੀਜ਼. ਅਨੁਸਾਰ ਦੋ ਦਿਨਾਂ 'ਚ ਇੰਗਲੈਂਡ ਤੋਂ ਭਾਰਤ ਪੁੱਜੇ ਮੁਸਾਫ਼ਰਾਂ ਦੀ ਨਿਗਰਾਨੀ ਤੇ ਟਰੇਸਿੰਗ ਨੂੰ ਯਕੀਨੀ ਬਣਾਇਆ ਜਾਵੇ। ਬਲਬੀਰ ਸਿੱਧੂ ਨੇ ਕਿਹਾ ਕਿ ਬ੍ਰਿਟੇਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪਹੁੰਚੇ 1822 ਅੰਤਰਰਾਸ਼ਟਰੀ ਮੁਸਾਫ਼ਰਾਂ ਦੀ ਸੂਚੀ ਪ੍ਰਾਪਤ ਹੋ ਗਈ ਹੈ ਅਤੇ ਇਹ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੰਡਮ ਬੱਸਾਂ ਦੀ ਈ-ਆਕਸ਼ਨ ਰਾਹੀਂ ਰਾਖਵੀਂ ਕੀਮਤ ਤੋਂ 26 ਲੱਖ ਵੱਧ ਕਮਾਏ

ਉਨ੍ਹਾਂ ਕਿਹਾ ਕਿ ਕੁੱਲ 1550 ਬ੍ਰਿਟੇਨ ਦੇ ਮੁਸਾਫ਼ਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਪਹੁੰਚੇ ਸਨ ਪਰ ਹਵਾਈ ਅੱਡਾ ਅਥਾਰਟੀ ਤੋਂ ਸਿਰਫ 709 ਮੁਸਾਫ਼ਰਾਂ ਦੇ ਵੇਰਵੇ ਪ੍ਰਾਪਤ ਹੋਏ ਹਨ, ਜਦੋਂ ਕਿ 841 ਮੁਸਾਫ਼ਰਾਂ ਦੇ ਵੇਰਵੇ ਹਾਸਲ ਕਰਨ ਲਈ ਅਗਲੀ ਕਾਰਵਾਈ ਦੀ ਉਡੀਕ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 21-23 ਦਸੰਬਰ, 2020 ਨੂੰ ਯੂ. ਕੇ ਤੋਂ ਆਏ 262 ਮੁਸਾਫ਼ਰਾਂ ਨੂੰ ਨਿਰੀਖਣ ਅਧੀਨ ਰੱਖਿਆ ਗਿਆ ਸੀ ਅਤੇ ਉਨਾਂ 'ਚੋਂ 8 ਕੋਰੋਨਾ ਪਾਜ਼ੇਟਿਵ ਦੱਸੇ ਗਏ ਹਨ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪ੍ਰਿਅੰਕਾ ਗਾਂਧੀ ਸਣੇ ਕਾਂਗਰਸੀਆਂ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ 'ਕੈਪਟਨ', ਕੀਤੀ ਸਖ਼ਤ ਨਿਖ਼ੇਧੀ

ਇਨ੍ਹਾਂ 8 ਪਾਜ਼ੇਟਿਵ ਮਰੀਜ਼ਾਂ ਦੇ ਨਮੂਨੇ ਯੂ. ਕੇ. 'ਚ ਲੱਭੇ ਗਏ ਨਵੇਂ ਰੂਪ ਸਾਰਸ-ਕੋਵ-2 ਵਾਇਰਸ ਦੇ ਸੰਦਰਭ 'ਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਨੂੰ ਭੇਜੇ ਜਾਣਗੇ। ਮੰਤਰੀ ਸਿੱਧੂ ਨੇ ਕਿਹਾ ਕਿ ਫਲਾਈਟ 'ਚ ਸਵਾਰ ਮੁਸਾਫ਼ਰਾਂ ਦੇ 216 ਸੰਪਰਕ ਜੋ ਯੂ. ਕੇ ਤੋਂ ਪਹੁੰਚੇ ਸਨ, ਦੀ ਵੀ ਪਛਾਣ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਪਤਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇਕਾਂਤਵਾਸ ਰੱਖਿਆ ਗਿਆ ਹੈ। ਬਾਕੀ ਰਹਿੰਦੇ ਸੰਪਰਕਾਂ ਦੀ ਭਾਲ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ 'ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਸਾਰੇ ਮੁਸਾਫ਼ਰਾਂ ਦੀ ਰਿਪੋਰਟ 27 ਦਸੰਬਰ, 2020 ਤੱਕ ਸਟੇਟ ਹੈੱਡਕੁਆਟਰ ਜਮ੍ਹਾਂ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਯੂ. ਕੇ. ਤੋਂ ਆਇਆ ਕੋਰੋਨਾ ਪਾਜ਼ੇਟਿਵ ਫਰਾਰ, ਲੁਧਿਆਣਾ ਦੇ ਹਸਪਤਾਲ 'ਚ ਹੋਇਆ ਦਾਖ਼ਲ, ਵਾਪਸ ਭੇਜਿਆ

ਯੂ. ਕੇ. ਤੋਂ ਆਉਣ-ਜਾਣ ਵਾਲੇ ਮੁਸਾਫ਼ਰਾਂ ਦੀ ਨਿਗਰਾਨੀ ਕਰਨ ਅਤੇ ਜਾਂਚ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਵਿਸ਼ੇਸ਼ ਤੌਰ ਤੇ ਸਾਰਸ-ਕੋਵ-2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸਨ (ਵੀਯੂਆਈ)-20212/01) ਦੇ ਨਵੇਂ ਰੂਪ ਦੀ ਰਿਪੋਰਟ ਯੂ. ਕੇ.  ਵਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਗਈ ਹੈ। ਇਸ ਰੂਪ ਦਾ ਅਨੁਮਾਨ ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ. ਸੀ. ਡੀ. ਸੀ.) ਵਲੋਂ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲਾ ਦੱਸਿਆ ਗਿਆ ਹੈ। ਇਹ ਰੂਪ 17 ਪਰਿਵਰਤਨ ਜਾਂ ਪਰਿਵਰਤਨ ਦੇ ਇੱਕ ਸੈੱਟ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਹੈ। ਸਪਾਈਕ ਪ੍ਰੋਟੀਨ ਦੇ ਇਸ ਹਿੱਸੇ 'ਚ ਤਬਦੀਲੀਆਂ ਦੇ ਨਤੀਜੇ ਵਜੋਂ ਵਾਇਰਸ ਵਧੇਰੇ ਛੂਤਕਾਰੀ ਹੈ ਅਤੇ ਲੋਕਾਂ 'ਚ ਵਧੇਰੇ ਆਸਾਨੀ ਨਾਲ ਫੈਲ ਸਕਦਾ ਹੈ।
ਨੋਟ : ਯੂ. ਕੇ. 'ਚ ਪਾਏ ਗਏ ਕੋਰੋਨਾ ਦੇ ਨਵੇਂ ਰੂਪ ਬਾਰੇ ਤੁਹਾਡੀ ਕੀ ਹੈ ਰਾਏ?

Babita

This news is Content Editor Babita