ਘਰ ''ਚੋਂ ਚੋਰੀ ਕਰ ਕੇ ਭੱਜੇ ਦੋ ਨੌਜਵਾਨ ਕਾਬੂ

Saturday, Jan 13, 2018 - 06:50 AM (IST)

ਗੁਰਾਇਆ, (ਮੁਨੀਸ਼)- ਪਿੰਡ ਚੱਕ ਥੋਥੜਾਂ ਵਿਖੇ ਦਿਨ-ਦਿਹਾੜੇ ਚੋਰੀ ਕਰਕੇ ਭੱਜੇ 2 ਨੌਜਵਾਨਾਂ ਨੂੰ ਕਾਬੂ ਕਰਨ ਦੀ ਖਬਰ ਹੈ। ਪਿੰਡ ਵਾਸੀਆਂ ਨੇ ਚੋਰਾਂ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਗੁਰਾਇਆ ਪੁਲਸ ਹਵਾਲੇ ਕਰ ਦਿੱਤਾ ਹੈ। 
ਮਿਲੀ ਜਾਣਕਾਰੀ ਮੁਤਾਬਕ ਪਿੰਡ ਚੱਕ ਥੋਥੜਾਂ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਗਿਆ ਸੀ ਤੇ ਉਹ ਘਰ ਨੂੰ ਤਾਲਾ ਲਾ ਕੇ 10 ਮਿੰਟ ਲਈ ਆਪਣੇ ਦੋਸਤ ਕੋਲ ਚਲਾ ਗਿਆ। ਜਦ ਵਾਪਸ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਤਾਲਾ ਟੁੱਟਾ ਪਿਆ ਸੀ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਉਸਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਭੱਜਦੇ ਹੋਏ ਦੇਖਿਆ। ਜਿਨ੍ਹਾਂ ਦਾ ਪਿੱਛਾ ਕਰਨ 'ਤੇ ਉਸਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਦੂਸਰੇ ਨੌਜਵਾਨ ਨੂੰ ਪਿੰਡ ਦੇ ਨੌਜਵਾਨਾਂ ਨੇ ਪਿੱਛਾ ਕਰਕੇ ਖੇਤਾਂ ਵਿਚੋਂ ਫੜ ਲਿਆ, ਜਿਨ੍ਹਾਂ ਦੀ ਲੋਕਾਂ ਨੇ ਚੰਗੀ ਛਿੱਤਰ ਪਰੇਡ ਕੀਤੀ। ਪੁੱਛਗਿੱਛ 'ਚ ਫੜੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਸਾਥੀ ਫਰਾਰ ਹੋ ਗਏ ਹਨ। 
ਅਮਨਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚੋਂ ਚਾਰ ਸੈੱਟ ਸੋਨੇ ਦੇ ਗਹਿਣੇ, ਇਕ ਕੜਾ, ਦੋ ਵਾਲੀਆਂ ਦੇ ਜੋੜੇ, 50 ਹਜ਼ਾਰ ਦੀ ਨਗਦੀ ਉਕਤ ਨੌਜਵਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਬਾਅਦ ਵਿਚ ਪਿੰਡ ਵਾਸੀਆਂ ਨੂੰ ਰਸਤੇ 'ਚੋਂ ਇਕ ਸੈੱਟ ਸੋਨੇ ਦੇ ਗਹਿਣੇ ਅਤੇ ਸੋਨੇ ਦੀ ਵਾਲੀਆਂ ਬਰਾਮਦ ਹੋ ਗਈਆਂ ਤੇ ਬਾਕੀ ਸਾਮਾਨ ਚੋਰ ਲੈ ਕੇ ਫਰਾਰ ਹੋ ਗਏ ਹਨ। ਪਿੰਡ ਵਾਸੀਆਂ ਨੇ ਦੋਵੇਂ ਨੌਜਵਾਨ ਅਤੇ ਉਨ੍ਹਾਂ ਦੇ ਮੋਟਰਸਾਈਕਲ ਗੁਰਾਇਆ ਪੁਲਸ ਹਵਾਲੇ ਕਰ ਦਿੱਤੇ ਹਨ। 
ਇਸ ਸਬੰਧੀ ਐੱਸ. ਐੱਚ. ਓ. ਪਰਮਿੰਦਰ ਸਿੰਘ  ਨੇ ਕਿਹਾ ਕਿ ਫੜੇ ਨੌਜਵਾਨ ਦੋਵੇਂ ਸਕੇ ਭਰਾ ਹਨ, ਜਿਨ੍ਹਾਂ ਦੀ ਪਛਾਣ ਰਿੱਕੀ ਅਤੇ ਰਿਸ਼ੀ ਪੁੱਤਰ ਗੁਰਦੇਵ ਛੱਜਾਂ ਵਾਲੀ ਕਾਲੋਨੀ ਫਗਵਾੜਾ ਦੇ ਰੂਪ ਵਿਚ ਹੋਈ ਹੈ ਜਿਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 


Related News