ਦੋ ਨੌਜਵਾਨਾਂ ਨੇ ਜਿਊਲਰ ਦੀ ਕਾਰ ''ਚੋਂ ਚੁਰਾਏ ਲੱਖਾਂ ਦੇ ਗਹਿਣੇ ਤੇ ਨਕਦੀ

11/12/2017 2:17:01 AM

ਕਪੂਰਥਲਾ,  (ਭੂਸ਼ਣ)-  ਸ਼ਨੀਵਾਰ ਦੀ ਸਵੇਰੇ ਸ਼ਹਿਰ ਦੇ ਭੀੜ-ਭਾੜ ਨਾਲ ਭਰੇ ਜਲੌਖਾਨਾ ਚੌਕ 'ਚ 2 ਮੁਲਜ਼ਮਾਂ ਨੇ ਫਿਲਮੀ ਸਟਾਈਲ ਨਾਲ ਲੱਖਾਂ ਰੁਪਏ ਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਜਿਊਲਰ ਦੀ ਕਾਰ ਤੋਂ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਕਰ ਲਈ । ਫਰਾਰ ਹੋਏ ਦੋਵੇਂ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ, ਜਿਨ੍ਹਾਂ ਨੂੰ ਲੈ ਕੇ ਪੁਲਸ ਨੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ। 
ਜਾਣਕਾਰੀ ਅਨੁਸਾਰ ਪਿੰਡ ਟਿੱਬਾ 'ਚ ਜਿਊਲਰ ਦੀ ਦੁਕਾਨ ਕਰਨ ਵਾਲਾ ਸਚਿਨ ਵਰਮਾ ਵਾਸੀ ਬਾਬਾ ਦੀਪ ਸਿੰਘ ਨਗਰ ਕਪੂਰਥਲਾ ਆਪਣੇ ਕਿਸੇ ਕੰਮ ਲਈ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਆਇਆ ਸੀ, ਇਸ ਦੌਰਾਨ ਜਦੋਂ ਸਚਿਨ ਕਾਰ ਤੋਂ ਉਤਰ ਰਿਹਾ ਸੀ ਤਾਂ ਉਸਨੂੰ 2 ਨੌਜਵਾਨਾਂ ਨੇ ਉਸਦੇ ਕਾਰ ਦੀ ਟੈਂਕੀ ਤੋਂ ਡੀਜਲ ਲੀਕ ਕਰਨ ਸਬੰਧੀ ਦੱਸਿਆ, ਜਿਸ 'ਤੇ ਜਦੋਂ ਸਚਿਨ ਨੇ ਬੋਨਟ ਖੋਲ੍ਹ ਕੇ ਕਾਰ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਸਨੂੰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਇਸ ਦੌਰਾਨ ਜਦੋਂ ਸਚਿਨ ਨੇ ਬੋਨਟ ਬੰਦ ਕਰਕੇ ਆਪਣੀ ਕਾਰ 'ਚ ਪਏ ਬੈਗ ਨੂੰ ਲੈਣ ਲੱਗਾ ਤਾਂ ਉਸ ਨੇ ਕਾਰ ਤੋਂ ਗਹਿਣੇ ਅਤੇ ਨਕਦੀ ਨਾਲ ਭਰਿਆ ਬੈਗ ਗਾਇਬ ਪਾਇਆ। ਸਚਿਨ ਨੂੰ ਝੂਠੀ ਸੂਚਨਾ ਦੇਣ ਵਾਲੇ ਦੋਵੇਂ ਮੁਲਜ਼ਮ ਉਸ ਦਾ ਬੈਗ ਲੈ ਕੇ ਫਰਾਰ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਰਾਮੇਸ਼ਵਰ ਸਿੰਘ ਨੇ ਮੌਕੇ 'ਤੇ ਪਹੁੰਚ ਘਟਨਾ ਦਾ ਮੁਆਇਨਾ ਕੀਤਾ। ਇਸ ਦੌਰਾਨ ਘਟਨਾ ਦੀ ਜਾਂਚ ਕਰ ਰਹੀ ਸਿਟੀ ਪੁਲਸ ਨੂੰ ਫਵਾਰਾ ਚੌਕ 'ਚ ਲੁਟੇਰਿਆਂ ਵਲੋਂ ਸੁੱਟਿਆ ਗਿਆ ਬੈਗ ਬਰਾਮਦ ਹੋਇਆ ਹੈ।