ਚੋਰੀ ਦੇ ਮਾਮਲੇ ''ਚ ਦੋ ਮਹਿਲਾਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ

01/06/2018 11:16:56 AM


ਅਬੋਹਰ (ਸੁਨੀਲ) - ਅਡੀਸ਼ਨਲ ਜ਼ਿਲਾ ਸੈਸ਼ਨ ਜੱਜ ਜੇ. ਪੀ. ਐੱਸ. ਬੈਨੀਵਾਲ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋ ਮਹਿਲਾਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।
ਜਾਣਕਾਰੀ ਮੁਤਾਬਕ ਹਿਨਾ ਵਾਸੀ ਗਲੀ ਨੰ. 8 ਆਰੀਆ ਨਗਰ ਅਬੋਹਰ, ਸਪਨਾ ਪਤਨੀ ਸੰਜੈ ਪੁੱਤਰੀ ਚਿਮਨ ਲਾਲ ਖਿਲਾਫ ਪਰਵੇਸ਼ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਸਪਨਾ, ਹਿਨਾ ਤੇ ਪਿੰਕੀ ਖਿਲਾਫ ਮਾਮਲਾ ਦਰਜ ਕੀਤਾ ਸੀ। ਤਿੰਨਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਅਜੀਮਗੜ੍ਹ ਦੇ ਸੇਵਾ ਕੇਂਦਰ ਦਾ ਦਰਵਾਜ਼ਾ ਤੋੜ ਕੇ ਉਸ 'ਚੋਂ ਕੰਪਿਊਟਰ ਤੇ ਹੋਰ ਸਾਮਾਨ ਚੋਰੀ ਕੀਤਾ ਸੀ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਤਿੰਨਾਂ ਦੀ ਪਛਾਣ ਹੋਈ ਸੀ। ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਜਦ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਛਾਪਾ ਮਾਰਿਆ ਤਾਂ ਤਿੰਨੋਂ ਫਰਾਰ ਦੱਸੀਆਂ ਜਾ ਰਹੀਆਂ ਸਨ। ਹਿਨਾ ਤੇ ਸਪਨਾ ਨੇ ਆਪਣੇ ਵਕੀਲ ਰਾਹੀਂ ਅਡੀਸ਼ਨਲ ਜ਼ਿਲਾ ਸੈਸ਼ਨ ਜੱਜ ਜੇ. ਪੀ. ਐੱਸ. ਬੈਨੀਵਾਲ ਦੀ ਅਦਾਲਤ ਵਿਚ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਦਰਜ ਕੀਤੀ। ਦੂਜੇ ਪਾਸੇ ਸਰਕਾਰੀ ਵਕੀਲ ਤੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਵਾਂ ਮਹਿਲਾਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ।