ਦੋਫਾੜ ਹੋਈਆਂ ਅਧਿਆਪਕ ਜਥੇਬੰਦੀਆਂ, ਇਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਜੁਟੀਆਂ

07/17/2021 11:55:14 PM

ਮੌੜ ਮੰਡੀ(ਪ੍ਰਵੀਨ)- ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੋਫਾੜੀ ਹੋ ਕੇ ਸੰਘਰਸ਼ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਜਿੱਥੇ ਸਰਕਾਰ ਦੀ ਚਿੰਤਾ ਘਟਾ ਰਹੀਆਂ ਹਨ, ਉਥੇ ਵੱਡੀ ਗਿਣਤੀ ਅਧਿਆਪਕ ਵਰਗ ਦੀ ਚਿੰਤਾ ਨੂੰ ਵਧਾ ਵੀ ਰਹੀਆਂ ਹਨ। ਵੱਖ-ਵੱਖ ਧੜਿਆਂ ’ਚ ਵੰਡੀਆਂ ਅਧਿਆਪਕ ਜਥੇਬੰਦੀਆਂ 18 ਜੁਲਾਈ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ’ਚ ਰੈਲੀਆਂ, ਮੁਜ਼ਾਹਰੇ ਅਤੇ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਕਰਨਗੀਆਂ।
ਪਰ ਇਕ ਦੂਜੇ ਦੀਆਂ ਲੱਤਾਂ ਖਿੱਚਣ ਅਤੇ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੇ ਯਤਨਾਂ ’ਚ ਉਲਝੀਆਂ ਇਹ ਜਥੇਬੰਦੀਆਂ ਸਰਕਾਰ ’ਤੇ ਕਿੰਨਾ ਦਬਾਅ ਬਣਾਉਣ ’ਚ ਸਫਲ ਹੋਣਗੀਆਂ, ਇਸ ਦਾ ਜਵਾਬ ਤਾਂ ਭਵਿੱਖ ਜਾਣਦਾ ਹੈ ਪਰ ਇਸ ਸਮੇਂ ਪੂਰਾ ਅਧਿਆਪਕ ਵਰਗ ਇੱਕੋ ਨਿਸ਼ਾਨੇ ਦੀ ਪੂਰਤੀ ਲਈ ਦੋ ਹਿੱਸਿਆਂ ’ਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਮੁਲਾਕਾਤਾਂ ਦਾ ਸਿਲਸਿਲਾ ਜਾਰੀ, ਹੁਣ ਕੈਪਟਨ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਪ੍ਰਤਾਪ ਬਾਜਵਾ

ਇਕ ਜਥੇਬੰਦੀ ਦੀ ਅਗਵਾਈ ‘ਸੰਯੁਕਤ ਅਧਿਆਪਕ ਮੋਰਚਾ’ ਅਤੇ ਦੂਜੇ ਦੀ ‘ਸੰਯੁਕਤ ਅਧਿਆਪਕ ਫਰੰਟ’ ਕਰ ਰਿਹਾ ਹੈ। ਜੋ 18 ਜੁਲਾਈ ਨੂੰ ਆਪਣੇ ਸਾਂਝੇ ਹਿੱਤਾਂ ਦੀ ਪ੍ਰਾਪਤੀ ਲਈ ਵੱਖੋਂ-ਵੱਖ ਹੋ ਕੇ ਸੰਘਰਸ਼ ਕਰਨਗੀਆਂ। ਇਕ ਧੜਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਘੇਰੇਗਾ ਤਾਂ ਦੂਜਾ ਡੀ. ਸੀ. ਦਫ਼ਤਰ ਅੱਗੇ ਰੈਲੀ ਕਰੇਗਾ। ਦੋਵੇਂ ਧਿਰਾਂ ਨੇ ਆਪਣੀ-ਆਪਣੀ ਤਾਕਤ ਦਿਖਾਉਣ ਲਈ ਪਿਛਲੇ ਦਿਨਾਂ ’ਚ ਰਾਜਨੀਤਿਕ ਪਾਰਟੀਆਂ ਦੀ ਤਰ੍ਹਾਂ ਸਰਗਰਮੀਆਂ ਕੀਤੀਆਂ ਸਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਅਧਿਆਪਕਾਂ ਦੇ ਹੱਕਾਂ ਲਈ ਅਲੱਗ-ਅਲੱਗ ਝੰਡੇ ਹੇਠ ਲੜ ਰਹੀਆਂ ਇਹ ਦੋਵੇਂ ਧਿਰਾ ਕੀ ਮੁਲਾਜ਼ਮ ਵਰਗ ਦਾ ਫਾਇਦਾ ਕਰਵਾ ਸਕਣਗੀਆਂ ਜਾਂ ਸਰਕਾਰ ਨੂੰ ਉਲਟਾ ਸੰਦੇਸ਼ ਦੇਣਗੀਆਂ।

ਇਹ ਵੀ ਪੜ੍ਹੋ- ਮਰਚੈਂਟ ਨੇਵੀ ਦੇ ਕੈਪਟਨ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਠੱਗੀ ਮਾਰਨ ਦੀ ਕੋਸ਼ਿਸ਼, ਪੈਸਿਆਂ ਦੀ ਕੀਤੀ ਮੰਗ

ਸਾਲ 2018 ’ਚ ਪਟਿਆਲਾ ਵਿਖੇ ਚੱਲੇ ਅਧਿਆਪਕ ਸੰਘਰਸ਼ ਦੇ ਫੇਲ੍ਹ ਹੋਣ ਤੋਂ ਬਾਅਦ ਅਧਿਆਪਕ ਸੰਘਰਸ਼ ’ਚ ਗਿਰਾਵਟ ਆਉਣ ਦਾ ਜੋ ਸਿਲਸਿਲਾ ਉਸ ਸਮੇਂ ਚਾਲੂ ਹੋਇਆ ਸੀ ਉਹ ਅੱਜ ਵੀ ਜਾਰੀ ਹੈ ਪਰ ਅਧਿਆਪਕ ਜਥੇਬੰਦੀਆਂ ਆਪਣੀ ਹਊਮੇ ਤਿਆਗ ਕੇ ਇਕਜੁਟ ਹੋਣ ਲਈ ਅਜੇ ਵੀ ਤਿਆਰ ਨਹੀਂ ਅਤੇ ਸਰਕਾਰ ਨਾਲ ਲੜਨ ਦੀ ਬਜਾਏ ਇਕ-ਦੂਜੇ ਨਾਲ ਹੀ ਲੜ ਰਹੀਆਂ ਹਨ। ਜੇਕਰ ਇਨ੍ਹਾਂ ਅਧਿਆਪਕ ਜਥੇਬੰਦੀਆਂ ਨੂੰ ਸਚਮੁਚ ਅਧਿਆਪਕਾਂ ਦੇ ਹਿੱਤਾਂ ਦੀ ਚਿੰਤਾ ਹੈ ਤਾਂ ਅਜੇ ਵੀ ਸਮਾਂ ਹੈ ਕਿ ਆਪਣੇ ਮਤਭੇਦ ਭੁਲਾਉਂਦੇ ਹੋਏ ਇਕਜੁਟ ਹੋ ਸੰਘਰਸ਼ ’ਚ ਕੁੱਦਣ ਤਾਂ ਜੋ ਅਧਿਆਪਕਾ ਦੇ ਸਾਂਝੇ ਹਿੱਤਾਂ ਦੀ ਪੂਰਤੀ ਹੋ ਸਕੇ।

Bharat Thapa

This news is Content Editor Bharat Thapa