ਸਾਬਕਾ ਮੰਤਰੀ ਰਣੀਕੇ ਦੇ ਨਜ਼ਦੀਕੀ ਸਣੇ ''ਏ'' ਕੈਟਾਗਰੀ ਦੇ ਦੋ ਤਸਕਰ ਗ੍ਰਿਫ਼ਤਾਰ

08/25/2019 1:43:37 AM

ਚੰਡੀਗੜ੍ਹ,(ਰਮਨਜੀਤ): ਤਰਨ ਤਾਰਨ ਪੁਲਸ ਨੇ ਸ਼ਨੀਵਾਰ ਨੂੰ ਦੋ ਕੈਟਗਰੀ 'ਏ' ਨਸ਼ਾ ਤਸਕਰਾਂ ਸਮੇਤ ਮਾਰਕਿਟ ਕਮੇਟੀ, ਅਟਾਰੀ ਦੇ ਸਾਬਕਾ ਚੇਅਰਮੈਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਨਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਾ ਅਪਰਾਧੀਆਂ ਤੇ ਸਿਆਸੀ ਰਸੂਖਦਾਰਾਂ ਦੀ ਆਪਸੀ ਮਿਲੀਭੁਗਤ ਉਜਾਗਰ ਹੋਈ ਹੈ। ਐਸਐਸਪੀ ਤਰਨ ਤਾਰਨ ਧਰੁਵ ਦਈਆ ਨੇ ਦੱਸਿਆ ਕਿ ਜਸਬੀਰ ਸਿੰਘ ਸਾਲ 2007-2012 ਤੱਕ ਮਾਰਕਿਟ ਕਮੇਟੀ ਦਾ ਚੇਅਰਮੈਨ ਸੀ ਅਤੇ ਸਾਬਕਾ ਮੰਤਰੀ ਤੇ ਅਟਾਰੀ ਤੋਂ ਅਕਾਲੀ ਵਿਧਾਇਕ ਗੁਲਜਾਰ ਸਿੰਘ ਰਣੀਕੇ ਦਾ ਨਜ਼ਦੀਕੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਕੁੱਲ 9 ਕੇਸ ਪਹਿਲਾਂ ਹੀ ਲੰਬਿਤ ਹਨ। ਐਫਆਈਆਰ ਨੰਬਰ. 47/2015, ਧਾਰਾ 21/22/27/61/85 ਐਨਡੀਪੀਐਸ ਐਕਟ, 25/54/59 ਆਰਮਜ਼ ਐਕਟ, 3/34/20 ਆਈ ਪੀ ਐਕਟ 'ਚ ਉਸਦੀ ਗ੍ਰਿਫਤਾਰੀ ਲੋੜੀਂਦੀ ਸੀ। ਐਸ.ਐਸ.ਪੀ ਨੇ ਦੱਸਿਆ ਕਿ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਚੰਨਣ ਸਿੰਘ, ਵਾਸੀ ਚੀਮਾਂ ਕਲ੍ਹਾਂ, ਧਾਣਾ ਸਰਾਏ ਅਮਾਨਤ ਖਾਨ ਨੂੰ ਸਥਾਨਕ ਐਸਐਚਓ ਨੇ ਗ੍ਰਿਫਤਾਰ ਕੀਤਾ। ਦੋਸ਼ੀ 1 ਕਿੱਲੋ ਹੈਰੋਇਨ ਦੇ ਕੇਸ 'ਚ ਐਫਆਈਆਰ ਨੰਬਰ. 82/2013, ਥਾਣਾ ਅਮਾਨਤ ਖਾਨ ਲਈ ਵੀ ਲੋੜੀਂਦਾ ਸੀ ਅਤੇ ਇਹ ਮੁਕੱਦਮਾ ਹਾਲੇ ਵੀ ਚੱਲ ਰਿਹਾ ਹੈ।

ਜਸਬੀਰ ਸਿੰਘ ਦਾ ਇਕ ਪੁੱਤਰ ਅਮਰਬੀਰ ਸਿੰਘ 300 ਗਰਾਮ ਹੈਰੋਇਨ ਬਰਾਮਦ ਹੋਣ ਕਰਕੇ ਐਨਡੀਪੀਐਸ ਅਧੀਨ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ। ਅਮਰਬੀਰ ਸਿੰਘ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਪੰਜ ਹੋਰ ਕੇਸਾਂ ਸਮੇਤ 1 ਕਿੱਲੋ ਹੈਰੋਇਨ ਬਰਾਮਦਗੀ ਲਈ ਦੋਸ਼ੀ ਸੀ। ਉਹ ਹੁਣ ਐਫਆਈਆਰ ਨੰਬਰ. 155/2015, ਥਾਣਾ ਸਦਰ ਫਿਰੋਜ਼ਪੁਰ, ਐਨਡੀਪੀਐਸ ਤੇ ਆਰਮਜ਼ ਐਕਟ ਦੀ ਧਾਰਾ ਅਧੀਨ 10 ਸਾਲ ਦੀ ਕੈਦ ਕੱਟ ਰਿਹਾ ਹੈ। ਜਸਬੀਰ ਦਾ ਦੂਜਾ ਪੁੱਤਰ ਗੁਰਵਿੰਦਰ ਸਿੰਘ ਜਿਸ ਵਿਰੁੱਧ ਐਨਡੀਪੀਐਸ ਐਕਟ ਤੇ ਸਮਗਲਿੰਗ ਚਾਰਜ ਅਧੀਨ 2 ਐਫਆਈਆਰ ਦਰਜ ਹਨ, ਬੀਤੇ ਦਿਨ ਪੁਲਸ ਦੀ ਛਾਪੇਮਾਰੀ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਇਸ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸਐਸਪੀ ਨੇ ਦੱਸਿਆ ਕਿ ਜਸਬੀਰ ਦੀ ਗ੍ਰਿਫਤਾਰੀ ਨਾਲ ਸਰਾਏ ਅਮਾਨਤ ਖਾਨ ਅਤੇ ਝਬਾਲ ਖੇਤਰ ਦੀ ਸਪਲਾਈ ਚੇਨ ਨੂੰ ਤੋੜਨ 'ਚ ਸਹਾਇਤਾ ਮਿਲੇਗੀ।