ਗੰਨ ਪੁਆਇੰਟ ''ਤੇ ਫਾਰਚੂਨਰ ਲੁੱਟਣ ਵਾਲੇ 2 ਹੋਰ ਲੁਟੇਰੇ ਗ੍ਰਿਫਤਾਰ

02/13/2018 7:41:24 AM

ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)– ਸੀ. ਆਈ. ਏ. ਸਟਾਫ ਪੁਲਸ ਨੇ ਜ਼ੀਰਕਪੁਰ ਦੇ ਇਕ ਮੈਰਿਜ ਪੈਲੇਸ ਅੱਗੋਂ ਪਿਛਲੇ ਦਿਨੀਂ ਗੰਨ ਪੁਆਇੰਟ 'ਤੇ ਫਾਰਚੂਨਰ ਲੁੱਟਣ ਵਾਲੇ ਗ੍ਰਿਫਤਾਰ ਕੀਤੇ 3 ਲੁਟੇਰਿਆਂ ਦੀ ਨਿਸ਼ਾਨਦੇਹੀ 'ਤੇ 2 ਹੋਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਚੋਰੀ ਦੇ 6 ਹੋਰ ਵਾਹਨ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 1 ਕਰੋੜ 15 ਲੱਖ ਦੇ ਕਰੀਬ ਬਣਦੀ ਹੈ।
ਇਸ ਸਬੰਧੀ ਐੱਸ. ਪੀ. ਜਾਂਚ ਹਰਬੀਰ ਸਿੰਘ ਅਟਵਾਲ ਤੇ ਸੀ. ਆਈ. ਏ. ਸਟਾਫ ਖਰੜ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ 7 ਫਰਵਰੀ ਨੂੰ ਪੁਲਸ ਨੇ ਫਾਰਚੂਨਰ ਲੁੱਟਣ ਵਾਲੇ ਲੁਟੇਰੇ ਅਜੈਪਾਲ ਸਿੰਘ ਵਾਸੀ ਮੂਸੇਵਾਲ ਜ਼ਿਲਾ ਮੋਗਾ, ਹਰਸਿਮਰਨ ਸਿੰਘ ਵਾਸੀ ਫਿਰੋਜ਼ਪੁਰ ਕੈਂਟ ਤੇ ਅਰਸ਼ਦੀਪ ਸਿੰਘ ਵਾਸੀ ਲੋਹਗੜ੍ਹ ਜ਼ਿਲਾ ਫਿਰੋਜ਼ਪੁਰ ਨੂੰ ਲੁੱਟੀ ਹੋਈ ਫਾਰਚੂਨਰ ਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੀਆਂ 6 ਹੋਰ ਗੱਡੀਆਂ ਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਪੁਲਸ ਤੇ ਥਾਣਾ ਜ਼ੀਰਕਪੁਰ ਪੁਲਸ ਵਲੋਂ ਉਕਤ ਵਾਰਦਾਤਾਂ ਵਿਚ ਖੋਹੀਆਂ ਹੋਈਆਂ 3 ਫਾਰਚੂਨਰ, 1 ਇਨੋਵਾ, 1 ਵਰਨਾ, 1 ਸਕਾਰਪੀਓ ਤੇ 1 ਬੁਲੇਟ ਮੋਟਰਸਾਈਕਲ ਜ਼ਿਲਾ ਮੋਗਾ ਦੇ ਇਲਾਕੇ ਵਿਚੋਂ ਬਰਾਮਦ ਕੀਤਾ ਗਿਆ ਹੈ ਤੇ ਇਸੇ ਕੇਸ ਵਿਚ ਸ਼ਾਮਲ ਰਣਜੀਤ ਸਿੰਘ ਵਾਸੀ ਦੋਲੇਵਾਲ ਤੇ ਦਿਲਰਾਜ ਸਿੰਘ ਵਾਸੀ ਐਲਨਾਬਾਦ ਜ਼ਿਲਾ ਸਿਰਸਾ ਹਰਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।