ਕਪੂਰਥਲਾ ਦੇ ਫੱਤੂਢੀਂਗਾ ਥਾਣੇ 'ਚੋਂ 2 ਹਵਾਲਾਤੀ ਫਰਾਰ, ਮੁੰਸ਼ੀ ਤੇ ਸੰਤਰੀ 'ਤੇ ਹੋਇਆ ਮਾਮਲਾ ਦਰਜ

10/08/2017 12:29:26 PM

ਕਪੂਰਥਲਾ/ਫੱਤੂਢੀਂਗਾ/ਸੁਲਤਾਨਪੁਰ ਲੋਧੀ(ਸੰਦੀਪ, ਭੂਸ਼ਣ, ਘੁੰਮਣ, ਧੀਰ, ਮਲਹੋਤਰਾ)— ਇਥੋਂ ਦੇ ਥਾਣਾ ਫੱਤੂਢੀਂਗਾ 'ਚੋਂ ਚੋਰੀ ਦੇ ਮਾਮਲੇ 'ਚ ਫੜੇ ਗਏ ਦੋ ਹਵਾਲਾਤੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਵਾਪਰੀ ਅਤੇ ਇਸ ਦਾ ਪਤਾ ਸ਼ਨੀਵਾਰ ਦੀ ਸਵੇਰ ਨੂੰ ਲੱਗਾ। ਘਟਨਾ 'ਚ ਲਾਪਰਵਾਹੀ ਦੇ ਚਲਦਿਆਂ ਥਾਣੇ 'ਚ ਤਾਇਨਾਤ ਮੁੰਸ਼ੀ ਅਤੇ ਸੰਤਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਫੱਤੂਢੀਂਗਾ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 2 ਮੁਲਜ਼ਮ ਹਵਾਲਾਤ ਦੇ ਰੌਸ਼ਨਦਾਨ ਨੂੰ ਤੋੜ ਕੇ ਫਰਾਰ ਹੋ ਗਏ। ਇਸ ਪੂਰੇ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਦੇ ਹੁਕਮਾਂ 'ਤੇ ਡਿਊਟੀ 'ਤੇ ਤਾਇਨਾਤ ਨਾਈਟ ਮੁਨਸ਼ੀ, 2 ਪੁਲਸ ਕਰਮਚਾਰੀਆਂ ਸਮੇਤ ਫਰਾਰ ਹੋਏ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਡਿਊਟੀ ਮੁਨਸ਼ੀ ਅਤੇ ਸੰਤਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 2 ਅਕਤੂਬਰ ਨੂੰ ਪਿੰਡ ਉੱਚਾ ਵਾਸੀ ਹਰਦੀਪ ਸਿੰਘ ਦਾ ਟਰੱਕ ਚੋਰੀ ਹੋ ਗਿਆ ਸੀ, ਜਿਸ ਨੂੰ ਲੈ ਕੇ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਟਰੱਕ ਬਰਾਮਦ ਕਰਕੇ 2 ਮੁਲਜ਼ਮਾਂ ਗੁਰਦੇਵ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਡੋਰੀ ਬੋਲੇ ਥਾਣਾ ਸਦਰ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਸੀ । ਦੋਵੇਂ ਮੁਲਜ਼ਮ ਸ਼ੁੱਕਰਵਾਰ ਤੋਂ ਥਾਣਾ ਫੱਤੂਢੀਂਗਾ ਦੀ ਹਵਾਲਾਤ 'ਚ ਬੰਦ ਸਨ। ਇਸ ਦੌਰਾਨ ਸ਼ਨੀਵਾਰ ਦੀ ਸਵੇਰੇ ਡਿਊਟੀ 'ਤੇ ਤਾਇਨਾਤ ਹੋਮਗਾਰਡ ਕਰਮਚਾਰੀ ਅਵਤਾਰ ਸਿੰਘ ਨੇ ਜਦੋਂ ਹਵਾਲਾਤ ਦੀ ਜਾਂਚ ਕੀਤੀ ਤਾਂ ਦੋਵੇਂ ਮੁਲਜ਼ਮ ਗਾਇਬ ਮਿਲੇ। ਜਿਸ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਫੱਤੂਢੀਂਗਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਜਦੋਂ ਪੁਲਸ ਟੀਮ ਦੇ ਨਾਲ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮ ਹਵਾਲਾਤ ਦੀ ਖੇਤਾਂ ਦੇ ਨਾਲ ਲੱਗਦੇ ਰੌਸ਼ਨਦਾਨ ਨੂੰ ਤੋੜ ਕੇ ਫਰਾਰ ਹੋ ਗਏ ਹਨ। 
ਮੁਨਸ਼ੀ ਅਤੇ ਹੋਮਗਾਰਡ ਕਰਮਚਾਰੀ ਸਸਪੈਂਡ
ਉਕਤ ਘਟਨਾ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਫਰਾਰ ਮੁਲਜ਼ਮਾਂ ਗੁਰਦੇਵ ਸਿੰਘ ਅਤੇ ਹਰਦੀਪ ਸਿੰਘ ਸਹਿਤ ਨਾਈਟ ਮੁਨਸ਼ੀ ਮੋਹਨ ਲਾਲ ਅਤੇ ਹੋਮਗਾਰਡ ਕਰਮਚਾਰੀ ਅਵਤਾਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਮੋਹਨ ਲਾਲ ਅਤੇ ਅਵਤਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ , ਉਥੇ ਹੀ ਫਰਾਰ ਮੁਲਜ਼ਮਾਂ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ।